ਜਦੋਂ ਸਾਡੇ ਖਿਡਾਰੀ ਅਵਾਰਡ ਜਿੱਤ ਕੇ ਆਉਂਦੇ ਹਨ ਤਾਂ ਸਰਕਾਰਾਂ ਵੱਲੋਂ ਉਨ੍ਹਾਂ ਤੇ ਮਾਣ ਜਤਾਇਆ ਜਾਂਦਾ ਹੈ। ਉਨ੍ਹਾਂ ਦਾ ਸਵਾਗਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਹੂਲਤਾਂ ਦੇਣ ਦੇ ਅਨੇਕਾਂ ਵਾਅਦੇ ਕੀਤੇ ਜਾਂਦੇ ਹਨ ਪਰ ਜਦੋਂ ਸਰਕਾਰਾਂ ਆਪਣੇ ਵਾਅਦੇ ਨਹੀਂ ਨਿਭਾਉੰਦੀਆਂ ਅਤੇ ਖਿਡਾਰੀਆਂ ਨੂੰ ਲਾਰੇ ਲਗਾਉਂਦੀਆਂ ਹਨ ਤਾਂ ਖਿਡਾਰੀ ਨਿਰਾਸ਼ ਹੋ ਜਾਂਦੇ ਹਨ।
ਹੋਰ ਨਹੀਂ ਤਾਂ ਸਰਕਾਰਾਂ ਨੂੰ ਇਨ੍ਹਾਂ ਖਿਡਾਰੀਆਂ ਦੀ ਮਾਲੀ ਹਾਲਤ ਸੁਧਾਰਨ ਲਈ ਤਾਂ ਜ਼ਰੂਰ ਕਦਮ ਚੁੱਕਣੇ ਚਾਹੀਦੇ ਹਨ। ਬਟਾਲਾ ਦੇ ਪਿੰਡ ਪ੍ਰਤਾਪਗੜ੍ਹ ਦੀ ਵਸਨੀਕ ਵੇਟ ਲਿਫਟਿੰਗ ਦੀ ਖਿਡਾਰਨ ਨਵਦੀਪ ਅੱਜ ਸੂਬਾ ਸਰਕਾਰ ਤੋਂ ਨਿਰਾਸ਼ ਹੋ ਕੇ ਇਹ ਸੋਚਣ ਲੱਗ ਪਈ ਹੈ ਕਿ ਜੇਕਰ ਉਹ ਕਿਸੇ ਹੋਰ ਸੂਬੇ ਵੱਲੋਂ ਖੇਡੀ ਹੁੰਦੀ ਤਾਂ ਸ਼ਾਇਦ ਉਸ ਸੂਬੇ ਦੀ ਸਰਕਾਰ ਨੇ ਉਸ ਦੀ ਬਾਂਹ ਫੜੀ ਹੁੰਦੀ।
ਨਵਦੀਪ ਦਾ ਪਰਿਵਾਰ ਅੱਜ ਵੀ ਇੱਟਾਂ ਬਾਲਿਆਂ ਵਾਲੀ ਛੱਤ ਹੇਠ ਜ਼ਿੰਦਗੀ ਬਿਤਾ ਰਿਹਾ ਹੈ। ਨਵਦੀਪ ਦੇ ਪਿਤਾ ਦਾ ਸੁਪਨਾ ਸੀ ਕਿ ਉਨ੍ਹਾਂ ਕੋਲ ਪੱਕਾ ਮਕਾਨ ਹੋਵੇ। 2021 ਵਿੱਚ ਡਿਪਟੀ ਕਮਿਸ਼ਨਰ ਨੇ ਨਵਦੀਪ ਨੂੰ 5 ਲੱਖ ਰੁਪਏ ਪੱਕਾ ਮਕਾਨ ਬਣਾਉਣ ਲਈ ਦੇਣ ਦੀ ਗੱਲ ਆਖੀ ਸੀ ਪਰ ਉਨ੍ਹਾਂ ਨੂੰ ਇਹ ਰਕਮ ਨਹੀਂ ਮਿਲੀ। ਹੁਣ ਤੱਕ ਲਾਰੇ ਹੀ ਮਿਲਦੇ ਰਹੇ।
ਜਦੋਂ ਨਵਦੀਪ ਇੰਟਰਨੈਸ਼ਨਲ ਖੇਡਣ ਲਈ ਟਰਾਇਲ ਦੇਣ ਲਈ ਲਖਨਊ ਗਈ ਹੋਈ ਸੀ ਤਾਂ ਉਸ ਨੂੰ ਫੋਨ ਤੇ ਇਹ ਮੰਦਭਾਗੀ ਖਬਰ ਮਿਲੀ ਕਿ ਉਸ ਦੇ ਪਿਤਾ ਉਨ੍ਹਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਜੋ ਖਿਡਾਰਨ ਇੰਟਰਨੈਸ਼ਨਲ ਖੇਡਣ ਲਈ ਤਿਆਰੀ ਕਰ ਰਹੀ ਸੀ, ਇਸ ਖਬਰ ਨੇ ਉਨ੍ਹਾਂ ਦੇ ਮਨ ਤੇ ਕੀ ਅਸਰ ਪਾਇਆ ਹੋਵੇਗਾ?
ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਨਵਦੀਪ ਨੇ 2018 ਤੋਂ ਖੇਡਣਾ ਸ਼ੁਰੂ ਕੀਤਾ ਸੀ। ਉਸ ਨੇ ਹੁਣ ਤੱਕ 5 ਗੋਲਡ ਮੈਡਲ ਅਤੇ ਕਈ ਸਿਲਵਰ ਮੈਡਲ ਜਿੱਤੇ ਹਨ। ਉਸ ਨੇ 109 ਕਿੱਲੋ ਦਾ ਰਿਕਾਰਡ ਆਪਣੇ ਨਾਮ ਬਣਾਇਆ ਹੈ। ਚੇਤੇ ਰਹੇ ਕਿ ਨਵਦੀਪ 71 ਕੈਟੇਗਰੀ ਵਿੱਚ ਖੇਡਦੀ ਹੈ।
ਖਿਡਾਰਨ ਦੇ ਮਨ ਤੇ ਇਹ ਬੋਝ ਹੈ ਕਿ ਉਸ ਦੇ ਪਿਤਾ ਆਪਣਾ ਪੱਕਾ ਮਕਾਨ ਬਣਿਆ ਹੋਇਆ ਦੇਖਣ ਦੀ ਇੱਛਾ ਨੂੰ ਲੈ ਕੇ ਹੀ ਇਸ ਦੁਨੀਆਂ ਤੋਂ ਚਲੇ ਗਏ। ਨਵਦੀਪ ਦੀ ਦਲੀਲ ਹੈ ਕਿ ਜਾਂ ਤਾਂ ਸਰਕਾਰਾਂ ਵਾਅਦੇ ਹੀ ਨਾ ਕਰਨ, ਜੇਕਰ ਵਾਅਦੇ ਕਰਦੀਆਂ ਹਨ ਤਾਂ ਪੂਰੇ ਕੀਤੇ ਜਾਣ। ਜੇਕਰ ਉਸ ਨੇ ਕਿਸੇ ਹੋਰ ਸਟੇਟ ਵੱਲੋਂ ਖੇਡਿਆ ਹੁੰਦਾ ਤਾਂ ਸ਼ਾਇਦ ਉੱਥੋਂ ਦੀ ਸਰਕਾਰ ਨੇ ਉਨ੍ਹਾਂ ਦੀ ਮੱਦਦ ਕੀਤੀ ਹੁੰਦੀ।