ਪੰਜਾਬੀ ਦਾ ਅਖਾਣ ਹੈ, ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਇਹ ਅਖਾਣ ਉਦੋਂ ਸੱਚ ਹੋ ਗਿਆ ਜਦੋਂ ਅੰਮਿ੍ਤਸਰ ਦੇ ਛੇਹਰਟਾ ਵਿੱਚ ਇੱਕ ਵਿਅਕਤੀ ਬਿਨਾਂ ਬੁਲਾਏ ਤੋਂ ਗੁਆਂਢੀਆਂ ਦੇ ਘਰ ਜਾ ਕੇ ਵਿਆਹ ਵਿੱਚ ਨੱਚਣ ਲੱਗ ਗਿਆ।

ਗੁਆਂਢੀਆਂ ਦੇ ਰੋਕਣ ਤੇ ਮਾਮਲਾ ਉਲਝ ਗਿਆ। ਇੱਟਾਂ ਰੋੜਿਆਂ ਤੋਂ ਵਧ ਕੇ ਗੱਲ ਗਲੀ ਚੱਲਣ ਤੱਕ ਪਹੁੰਚ ਗਈ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੇ ਬਖਸ਼ੀਸ਼ ਸਿੰਘ ਦੇ ਪੁੱਤਰ ਦੀਪਕ ਸਿੰਘ ਦਾ ਵਿਆਹ ਹੋਇਆ ਸੀ।

ਡੋਲੀ ਆਉਣ ਤੋਂ ਬਾਅਦ ਪਰਿਵਾਰ ਦੀਆਂ ਕੁੜੀਆਂ ਅਤੇ ਔਰਤਾਂ ਨੱਚ ਰਹੀਆਂ ਸਨ। ਉਸੇ ਸਮੇਂ ਗੁਆਂਢੀ ਗੁਰਸੇਵਕ ਸਿੰਘ ਪਿੰਕਾ ਦਾਰੂ ਦੀ ਲੋਰ ਵਿੱਚ ਆ ਕੇ ਕੁੜੀਆਂ ਨਾਲ ਨੱਚਣ ਲੱਗਾ। ਵਿਆਹ ਵਾਲੇ ਪਰਿਵਾਰ ਵੱਲੋਂ ਨੱਚਣ ਤੋਂ ਰੋਕੇ ਜਾਣ ਤੇ ਗੁਰਸੇਵਕ ਸਿੰਘ ਆਪਣੇ ਪੁੱਤਰਾਂ ਅਤੇ 4-5 ਹੋਰ ਬੰਦਿਆਂ ਨੂੰ ਬੁਲਾ ਲਿਆਇਆ।

ਵਿਆਹ ਵਾਲੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਦੇ ਘਰ 5 ਗੋਲੀਆਂ ਚਲਾਈਆਂ। ਇੱਟਾਂ ਰੋੜੇ ਵਰਸਾਏ। ਉਨ੍ਹਾਂ ਦੀ ਕਾਰ ਦੀ ਭੰਨ ਤੋੜ ਕਰ ਦਿੱਤੀ। ਪਰਿਵਾਰ ਨੇ ਅੰਦਰ ਵੜ ਕੇ ਆਪਣੀ ਜਾਨ ਬਚਾਈ।

ਇਸ ਪਰਿਵਾਰ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਉਨ੍ਹਾਂ ਨਾਲ ਧੱਕਾ ਹੋਇਆ ਹੈ। ਇਸ ਲਈ ਇਸ ਮਾਮਲੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ। ਇਤਲਾਹ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਤਾਂ ਕਿ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।