1993 ਵਿੱਚ ਆਪਣੀ ਪਹਿਲੀ ਐਲਬਮ ‘ਗੈਰਾਂ ਨਾਲ ਪੀਂਘਾਂ ਝੂਟਦੀਏ’ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਛਾਅ ਜਾਣ ਵਾਲੇ ਅਤੇ ‘ਭੰਗੜੇ ਦਾ ਰਾਜਾ’ ਕਹੇ ਜਾਣ ਵਾਲੇ ਮਨਮੋਹਣ ਵਾਰਿਸ ਦਾ ਜਨਮ 3 ਅਗਸਤ 1967 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਹੱਲੂਵਾਲ ਵਿੱਚ ਹੋਇਆ।

ਮਨਮੋਹਣ ਵਾਰਿਸ ਨੂੰ ਪੰਜਾਬੀ ਲੋਕ/ਪੌਪ ਗਾਇਕ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੇ 2 ਛੋਟੇ ਭਰਾ ਸੰਗਤਾਰ ਅਤੇ ਕਮਲ ਹੀਰ ਵੀ ਸੰਗੀਤ ਜਗਤ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ। ਸੰਗਤਾਰ ਪ੍ਰਸਿੱਧ ਪੰਜਾਬੀ ਰਿਕਾਰਡ ਨਿਰਮਾਤਾ, ਸੰਗੀਤਕਾਰ ਅਤੇ ਕਵੀ ਹਨ ਜਦਕਿ ਕਮਲ ਹੀਰ ਇੱਕ ਮਸ਼ਹੂਰ ਪੰਜਾਬੀ ਲੋਕ/ਪੌਪ ਗਾਇਕ ਹਨ।

ਮਨਮੋਹਣ ਵਾਰਿਸ 11 ਸਾਲ ਦੀ ਉਮਰ ਵਿੱਚ ਹੀ ਉਸਤਾਦ ਜਸਵੰਤ ਭੰਵਰਾ ਤੋਂ ਸੰਗੀਤ ਦੀ ਸਿੱਖਿਆ ਲੈਣ ਲੱਗ ਪਏ ਸਨ। ਇੰਨਾ ਹੀ ਨਹੀਂ ਉਨ੍ਹਾਂ ਨੇ ਖੁਦ ਸਿੱਖ ਕੇ ਆਪਣੇ ਛੋਟੇ ਭਰਾਵਾਂ ਸੰਗਤਾਰ ਅਤੇ ਕਮਲ ਹੀਰ ਨੂੰ ਵੀ ਸਿਖਲਾਈ ਦਿੱਤੀ। ਇਨ੍ਹਾਂ ਤਿੰਨਾਂ ਭਰਾਵਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਸੰਗੀਤ ਦੀ ਡਿਗਰੀ ਹਾਸਲ ਕੀਤੀ ਹੈ।

ਮਨਮੋਹਣ ਵਾਰਿਸ ਦੀ ਪਤਨੀ ਦਾ ਨਾਮ ਪ੍ਰਿਤਪਾਲ ਕੌਰ ਹੈ। ਇਨ੍ਹਾਂ ਦੇ 2 ਬੱਚੇ ਹਨ। ਮਨਮੋਹਣ ਵਾਰਿਸ 1990 ਵਿੱਚ ਕੈਨੇਡਾ ਚਲੇ ਗਏ। ਉਹ ਪਰਿਵਾਰ ਸਮੇਤ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਰਹਿ ਰਹੇ ਹਨ। ਮਨਮੋਹਣ ਵਾਰਿਸ ਨੇ ਪੰਜਾਬੀ ਲੋਕ ਗੀਤਾਂ ਦੇ ਨਾਲ ਨਾਲ ਕਲਾਸੀਕਲ ਗੀਤ ਅਤੇ ਉਦਾਸ ਗੀਤ ਵੀ ਗਾਏ।

1993 ਵਿੱਚ ਪਹਿਲੀ ਐਲਬਮ ‘ਗੈਰਾਂ ਨਾਲ ਪੀਂਘਾਂ ਝੂਟਦੀਏ’ ਨੇ ਹੀ ਉਨ੍ਹਾਂ ਨੂੰ ਮਸ਼ਹੂਰ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੀਆਂ ਇੱਕ ਤੋਂ ਬਾਅਦ ਇੱਕ ਐਲਬਮਜ਼ ਆਉਣ ਲੱਗੀਆਂ। ਜਿਵੇਂ ਕਿ ‘ਸੋਹਣਿਆਂ ਦੇ ਲਾਰੇ, ਹਸਦੀ ਦੇ ਫੁਲ ਕਿਰਦੇ, ਸੱਜਰੇ ਚੱਲੇ ਮੁਕਲਾਵੇ, ਗਲੀ ਗਲੀ ਵਿੱਚ ਹੋਕੇ, ਮਿੱਤਰਾਂ ਦਾ ਸਾਹ ਰੁਕਦਾ, ਮਿੱਤਰਾਂ ਨੇ ਭੰਗੜਾ ਪਾਉਣਾ, ਹੁਸਨ ਦਾ ਜਾਦੂ, ਗਜਰੇ ਗੋਰੀ ਦੇ, ਦਿਲ ਵੱਟੇ ਦਿਲ, ਨੱਚੀਏ ਮਜਾਜਣੇ, ਦਿਲ ਨੱਚਦਾ ਅਤੇ ਦਿਲ ਤੇ ਨਾ ਲਾਈਂ’ ਆਦਿ ਮਸ਼ਹੂਰ ਐਲਬਮਜ਼ ਹਨ।

ਧਾਰਮਿਕ ਐਲਬਮਜ਼ ਵਿੱਚ ਅਰਦਾਸ ਕਰਾਂ, ਚੜ੍ਹਦੀ ਕਲਾ ਚ ਪੰਥ ਖਾਲਸਾ, ਘਰ ਹੁਣ ਕਿਤਨੀ ਕੁ ਦੂਰ, ਤਸਵੀਰ-ਲਾਈਵ ਅਤੇ ਚਲੋ ਪਟਨਾ ਸਾਹਿਬ ਨੂੰ ਦੇ ਨਾਮ ਲਏ ਜਾ ਸਕਦੇ ਹਨ। 1998 ਵਿੱਚ ਆਏ ਮਨਮੋਹਣ ਵਾਰਿਸ ਦੇ ਗਾਣੇ ‘ਕਿਤੇ ਕੱਲੀ ਬਹਿ ਕੇ ਸੋਚੀਂ ਨੀ’ ਨੇ ਇੰਨੀ ਪ੍ਰਸਿੱਧੀ ਖੱਟੀ ਕਿ ਇਸ ਗਾਣੇ ਨੂੰ ਪੰਜਾਬੀ ਸੰਗੀਤ ਦੇ ਇਤਿਹਾਸ ਵਿੱਚ ਸਭ ਤੋਂ ਹਿੱਟ ਗੀਤ ਮੰਨਿਆਂ ਜਾਣ ਲੱਗਾ।

ਮਨਮੋਹਣ ਵਾਰਿਸ ਨੇ ਸੰਗਤਾਰ ਅਤੇ ਕਮਲ ਹੀਰ ਨਾਲ ਪਲਾਜ਼ਮਾ ਰਿਕਾਰਡ ਸ਼ੁਰੂ ਕੀਤਾ। ਮਨਮੋਹਣ ਵਾਰਿਸ ਇਸ ਸਮੇਂ ਪੂਰੀ ਦੁਨੀਆਂ ਦਾ ਟੂਰ ਲਗਾ ਰਹੇ ਹਨ। ਉਨ੍ਹਾਂ ਨੇ ਲਾਈਵ ਪ੍ਰਦਰਸ਼ਨ ਵੀ ਕੀਤਾ। ਜਿਸ ਵਿੱਚ 2003 ਵਿੱਚ ,’ਸ਼ੌਂਕੀ ਮੇਲਾ’ ਕਮਲ ਹੀਰ, ਸੰਗਤਾਰ ਅਤੇ ਗੁਰਪ੍ਰੀਤ ਘੁੱਗੀ ਨਾਲ। 2004 ਵਿੱਚ ‘ਪੰਜਾਬੀ ਵਿਰਸਾ’ ਕੈਨੇਡਾ ਯੂ ਐੱਸ ਦਾ ਟੂਰ ਕਮਲ ਹੀਰ ਅਤੇ ਸੰਗਤਾਰ ਨਾਲ। 2005 ਵਿੱਚ ‘ਪੰਜਾਬੀ ਵਿਰਸਾ’ ਯੂਰਪ ਦਾ ਟੂਰ ਕਮਲ ਹੀਰ ਸੰਗਤਾਰ ਨਾਲ।

2006 ਵਿੱਚ ‘ਪੰਜਾਬੀ ਵਿਰਸਾ’ ਆਸਟ੍ਰੇਲੀਆ, ਕੈਨੇਡਾ, ਯੂ ਐੱਸ ਅਤੇ ਯੂਰਪ ਦਾ ਟੂਰ ਕਮਲ ਹੀਰ ਅਤੇ ਸੰਗਤਾਰ ਨਾਲ। ਇਸ ਤਰਾਂ ਹੀ ਹੋਰ ਵੀ ਲਾਈਵ ਪ੍ਰਦਰਸ਼ਨ ਕੀਤਾ। ਹੁਣ ਗੱਲ ਕਰਦੇ ਹਾਂ ਉਨ੍ਹਾਂ ਨੂੰ ਹੁਣ ਤੱਕ ਮਿਲੇ ਮਾਣ ਸਨਮਾਨ ਦੀ। 2001 ਵਿੱਚ ਉਨ੍ਹਾਂ ਨੂੰ ਅਵਾਜ਼-ਏ-ਬੁਲੰਦ ਨਾਲ ਸਨਮਾਨਿਆ ਗਿਆ। ਉਨ੍ਹਾ ਦੀ ਐਲਬਮ ਪੰਜਾਬੀ ਵਿਰਸਾ 2006 ਨੂੰ ਐਲਬਮ ਆਫ ਦ ਈਅਰ ਐਲਾਨਿਆ ਗਿਆ।

ਪੰਜਾਬੀ ਵਿਰਸਾ 2006 ਲਈ ਸਿੰਗਰ ਆਫ ਦ ਈਅਰ, 2009 ਵਿੱਚ ਬੈਸਟ ਨਾਨ ਰੈਜ਼ੀਡੈੰਟ ਪੰਜਾਬੀ ਗਾਇਕ (ਲਾਰੇ ਜਿੰਨੀਏ), 2010 ਵਿੱਚ ਬੈਸਟ ਨਾਨ ਰੈਜ਼ੀਡੈੰਟ ਪੰਜਾਬੀ ਗਾਇਕ (ਪੰਜਾਬੀ ਵਿਰਸਾ ਵੈਨਕੂਵਰ), ਬੈਸਟ ਡਬਲ ਗਾਇਕ 2010 (ਵਸਦੇ ਰਹੋ ਪ੍ਰਦੇਸੀਓ) ਲਈ ਮਨਮੋਹਣ ਵਾਰਿਸ-ਕਮਲ ਹੀਰ-ਸੰਗਤਾਰ ਨੂੰ ਸਨਮਾਨਿਤ ਕੀਤਾ ਗਿਆ। ਮਨਮੋਹਣ ਵਾਰਿਸ ਨੂੰ 2011 ਵਿੱਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ।