ਅਸੀਂ ਸੁਣਦੇ ਰਹਿੰਦੇ ਹਾਂ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਭਾਵ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਰੁਕਾਵਟ ਰਸਤਾ ਨਹੀਂ ਰੋਕ ਸਕਦੀ। ਮਿਹਨਤ ਤਾਂ ਕਿਸਮਤ ਦੀਆਂ ਗਲਤ ਰੇਖਾਵਾਂ ਨੂੰ ਵੀ ਮਿਟਾ ਦਿੰਦੀ ਹੈ। ਇਹ ਉਦਾਹਰਣ ਰਾਜਸਥਾਨ ਦੇ ਉਦੇਪੁਰ ਦੇ ਇੱਕ ਗਰੀਬ ਪਰਿਵਾਰ ਦੀ ਧੀ ਤੇ ਬਿੱਲਕੁੱਲ ਪੂਰੀ ਢੁਕਦੀ ਹੈ।
ਜਿਸ ਨੇ ਆਰਥਿਕ ਮੰਦਹਾਲੀ ਨਾਲ ਜੂਝਦੇ ਹੋਏ ਵੀ ਰਾਜਸਥਾਨ ਜੁਡੀਸ਼ੀਅਲ ਸਰਵਿਸਿਜ਼ ਦੀ ਪ੍ਰੀਖਿਆ ਪਹਿਲੀ ਹੀ ਕੋਸ਼ਿਸ਼ ਵਿੱਚ 2018 ਵਿੱਚ ਪਾਸ ਕਰਕੇ ਜੱਜ ਬਣਨ ਦਾ ਰਸਤਾ ਪੱਧਰਾ ਕਰ ਲਿਆ।
ਉਸ ਸਮੇਂ ਸੋਨਲ ਸ਼ਰਮਾ ਦੀ ਉਮਰ 26 ਸਾਲ ਸੀ। ਮਿਲੀ ਜਾਣਕਾਰੀ ਅਨੁਸਾਰ ਸੋਨਲ ਸ਼ਰਮਾ ਇੱਕ ਗਰੀਬ ਪਰਿਵਾਰ ਦੀ ਧੀ ਹੈ। ਪਰਿਵਾਰ ਦੁੱਧ ਦਾ ਕੰਮ ਕਰਦਾ ਹੋਣ ਕਰਕੇ ਸੋਨਲ ਨੂੰ ਗਊਸ਼ਾਲਾ ਵਿੱਚ ਰਹਿ ਕੇ ਪੜ੍ਹਨਾ ਪਿਆ।
ਉਹ ਸਾਈਕਲ ਤੇ ਕਾਲਜ ਜਾਂਦੀ ਸੀ। ਕਈ ਵਾਰ ਤਾਂ ਚੱਪਲ ਨੂੰ ਪਸ਼ੂਆਂ ਦਾ ਗੋਹਾ ਤੱਕ ਲੱਗਿਆ ਹੁੰਦਾ। ਗਰੀਬੀ ਕਾਰਨ ਕਿਤਾਬਾਂ ਦੀ ਵੀ ਘਾਟ ਰੜਕਦੀ ਸੀ। ਜਿਸ ਕਰਕੇ ਸੋਨਲ ਲਾਇਬ੍ਰੇਰੀ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰਦੀ।
ਅਜਿਹੇ ਹਾਲਾਤਾਂ ਦੇ ਹੁੰਦੇ ਹੋਏ ਵੀ ਸੋਨਲ ਨੇ ਬੀ ਏ, ਐੱਲ ਐੱਲ ਬੀ ਅਤੇ ਐੱਲ ਐੱਲ ਐੱਮ ਦੀ ਪ੍ਰੀਖਿਆ ਫਸਟ ਡਵੀਜ਼ਨ ਵਿੱਚ ਪਾਸ ਕਰ ਲਈ। ਸੋਨਲ ਹੋਰ ਕੁੜੀਆਂ ਲਈ ਵੀ ਪ੍ਰੇਰਨਾ ਸਰੋਤ ਬਣ ਗਈ ਹੈ।
ਉਸ ਨੇ ਇਹ ਸਿੱਧ ਕਰਕੇ ਦਿਖਾ ਦਿੱਤਾ ਹੈ ਕਿ ਸਫਲਤਾ ਹਾਸਲ ਕਰਨ ਲਈ ਭਾਵੇਂ ਸਾਧਨਾਂ ਦੀ ਘਾਟ ਹੋਵੇ ਪਰ ਹੌਸਲੇ ਜ਼ਰੂਰ ਬੁਲੰਦ ਹੋਣੇ ਚਾਹੀਦੇ ਹਨ। ਉਸ ਦੇ ਪਿਤਾ ਨੂੰ ਆਪਣੀ ਬੇਟੀ ਤੇ ਮਾਣ ਹੈ।