ਮੱਥਾ ਟੇਕਣ ਜਾ ਰਹੇ ਪਰਿਵਾਰ ਦੀ ਕਾਰ ਭਾਖੜਾ ‘ਚ ਡਿੱਗੀ

ਇਨਸਾਨ ਦੀ ਜ਼ਿੰਦਗੀ ਪਾਣੀ ਦੇ ਬੁਲਬੁਲੇ ਵਰਗੀ ਹੈ। ਅਸੀਂ ਪਾਣੀ ਵਿੱਚ ਬੁਲਬੁਲੇ ਬਣਦੇ ਅਤੇ ਟੁੱਟਦੇ ਦੇਖਦੇ ਹੀ ਰਹਿੰਦੇ ਹਾਂ। ਇਸ ਤਰਾਂ ਹੀ ਇਨਸਾਨ ਨਾਲ ਵਾਪਰਦਾ ਹੈ। ਆਦਮੀ ਦਾਅਵੇ ਤਾਂ ਬਹੁਤ ਵੱਡੇ ਵੱਡੇ ਕਰਦਾ ਹੈ ਪਰ ਆਉਣ ਵਾਲੇ ਸਮੇਂ ਬਾਰੇ ਕੁਝ ਨਹੀਂ ਜਾਣਦਾ। ਕਈ ਵਾਰ ਤਾਂ ਆਪੇ ਤੋਂ ਬਾਹਰ ਹੋ ਕੇ ਕਿਸੇ ਦੀ ਜਾਨ ਲੈਣ ਤੱਕ ਦੀ ਗੱਲ ਆਖ ਦਿੰਦਾ ਹੈ ਪਰ ਆਪਣੇ ਸਾਹਾਂ ਦੀ ਲੜੀ ਕਦੋਂ ਟੁੱਟ ਜਾਣੀ ਹੈ?

ਇਸ ਦਾ ਕੋਈ ਪਤਾ ਨਹੀਂ? ਆਦਮੀ ਘਰ ਦੀ ਸੁਖ ਸ਼ਾਂਤੀ ਲਈ ਧਾਰਮਿਕ ਸਥਾਨਾਂ ਤੋਂ ਮੁਰਾਦਾਂ ਮੰਗਦਾ ਹੈ ਪਰ ਭਵਿੱਖ ਦਾ ਕਿਸੇ ਨੂੰ ਪਤਾ ਨਹੀਂ। ਨੰਗਲ ਵਿਖੇ ਭਾਖੜਾ ਨਹਿਰ ਵਿੱਚ ਕਾਰ ਡਿੱਗਣ ਦੀ ਖਬਰ ਨੇ ਸਾਰੇ ਪਾਸੇ ਹੜਕੰਪ ਮਚਾ ਦਿੱਤਾ ਹੈ। ਇੱਕ ਵਿਅਕਤੀ ਮੋਹਣ ਲਾਲ ਨੂੰ ਤਾਂ ਬਚਾ ਲਿਆ ਗਿਆ ਹੈ ਪਰ ਬਾਕੀ ਤਿੰਨੇ ਜੀਆਂ ਦਾ ਪਤਾ ਨਹੀਂ ਲੱਗ ਸਕਿਆ।

ਉਹ ਚਲਦੇ ਪਾਣੀ ਵਿੱਚ ਹੀ ਰੁੜ੍ਹ ਗਏ ਹਨ। ਇਹ ਘਟਨਾ ਐੱਮ ਪੀ ਦੀ ਕੋਠੀ ਨੇੜੇ ਵਾਪਰੀ ਦੱਸੀ ਜਾਂਦੀ ਹੈ। ਮਿਲੀ ਜਾਣਕਾਰੀ ਮੁਤਾਬਕ ਜਵਾਹਰ ਮਾਰਕੀਟ ਦਾ ਰਹਿਣ ਵਾਲਾ ਇੱਕ ਪਰਿਵਾਰ ਮੰਦਰ ਵਿੱਚ ਮੱਥਾ ਟੇਕਣ ਲਈ ਗਿਆ ਸੀ। ਆਲਟੋ ਕਾਰ ਵਿੱਚ 4 ਜੀਅ ਸਵਾਰ ਸਨ। ਨਹਿਰ ਦੇ ਨੇੜੇ ਹੀ ਮੰਦਰ ਹੈ। ਕਾਰ ਨੂੰ ਅਕਸ਼ੈ ਕੁਮਾਰ ਚਲਾ ਰਿਹਾ ਸੀ। ਕਾਰ ਕਿਸੇ ਤਰਾਂ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ।

ਉਸੇ ਸਮੇਂ ਰੌਲਾ ਪੈ ਗਿਆ ਅਤੇ ਗੋਤਾਖੋਰ ਬਚਾਅ ਕਾਰਜਾਂ ਵਿੱਚ ਜੁਟ ਗਏ। ਮੋਹਣ ਲਾਲ ਨੂੰ ਤਾਂ ਬਚਾਅ ਲਿਆ ਗਿਆ ਪਰ ਬਾਕੀ ਤਿੰਨਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਸ ਹਾਲ ਵਿੱਚ ਹਨ? ਇਸ ਪਰਿਵਾਰ ਦੇ ਸਬੰਧੀਆਂ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਵਿਅਕਤੀ ਭਾਖੜਾ ਨਹਿਰ ਦੀ ਪਟੜੀ ਤੇ ਇਕੱਠੇ ਹੋ ਗਏ।

ਹਰ ਕੋਈ ਦੁਆਵਾਂ ਕਰ ਰਿਹਾ ਹੈ ਕਿ ਬਾਕੀ ਤਿੰਨੇ ਕਾਰ ਸਵਾਰ ਵੀ ਸਹੀ ਸਲਾਮਤ ਬਾਹਰ ਨਿੱਕਲ ਆਉਣ। ਨਹਿਰ ਵਿੱਚ ਕਾਰ ਡਿੱਗਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਕੁਝ ਸਮਾਂ ਪਹਿਲਾਂ ਰੋਪੜ ਨੇੜੇ ਵੀ ਇੱਕ ਕਾਰ ਨਹਿਰ ਵਿੱਚ ਡਿੱਗ ਪਈ ਸੀ। ਕਈ ਸਾਲ ਪਹਿਲਾਂ ਸਰਹਿੰਦ ਵਿਖੇ ਫਲੋਟਿੰਗ ਰੈਸਟੋਰੈੰਟ ਨੇੜੇ ਇੱਕ ਬੱਸ ਭਾਖੜਾ ਨਹਿਰ ਵਿੱਚ ਡਿੱਗ ਪਈ ਸੀ।

ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਅਜਿਹੀਆਂ ਥਾਂਵਾਂ ਤੇ ਨਹਿਰ ਦੀ ਪਟੜੀ ਤੇ ਮਜ਼ਬੂਤ ਰੇਲਿੰਗ ਲਗਵਾਈ ਜਾਵੇ। ਵਾਹਨ ਚਾਲਕਾਂ ਨੂੰ ਵੀ ਸਾਵਧਾਨੀ ਨਾਲ ਡਰਾਈਵਿੰਗ ਕਰਨੀ ਚਾਹੀਦੀ ਹੈ ਤਾਂ ਕਿ ਹਾਦਸਿਆਂ ਤੋਂ ਬਚਿਆ ਜਾ ਸਕੇ ਕਿਉਂਕਿ ਮਨੁੱਖੀ ਜ਼ਿੰਦਗੀ ਬਹੁਤ ਕੀਮਤੀ ਹੈ।

Leave a Reply

Your email address will not be published. Required fields are marked *