ਰੁਪਿੰਦਰ ਸਿੰਘ ਨੂੰ ਲੋਕਾਂ ਨੇ ਕਿਵੇਂ ਬਣਾ ਦਿੱਤਾ ਗਿੱਪੀ ਗਰੇਵਾਲ

‘ਮੇਲ ਕਰਾ ਦੇ ਰੱਬਾ’ ਫਿਲਮ ਰਾਹੀਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਸਾਲ 2010 ਵਿੱਚ ਕਦਮ ਰੱਖਣ ਵਾਲਾ ਗਿੱਪੀ ਗਰੇਵਾਲ ਅੱਜ ਨੌਜਵਾਨਾਂ ਦਾ ਚਹੇਤਾ ਅਦਾਕਾਰ ਬਣ ਚੁੱਕਾ ਹੈ। ਗਾਇਕੀ ਤੋਂ ਫਿਲਮਾਂ ਵਿੱਚ ਆਏ ਗਿੱਪੀ ਗਰੇਵਾਲ ਨੂੰ ਪੰਜਾਬੀਆਂ ਨੇ ਮਣਾ ਮੂੰਹੀਂ ਪਿਆਰ ਦਿੱਤਾ ਹੈ।

ਗਿੱਪੀ ਗਰੇਵਾਲ ਦਾ ਜਨਮ 2 ਜਨਵਰੀ 1983 ਨੂੰ ਲੁਧਿਆਣਾ ਨੇੜੇ ਕੁੰਮ ਕਲਾਂ ਵਿੱਚ ਹੋਇਆ। ਮਾਤਾ ਪਿਤਾ ਨੇ ਪੁੱਤਰ ਦਾ ਨਾਮ ਰੁਪਿੰਦਰ ਸਿੰਘ ਰੱਖਿਆ ਪਰ ਉਨ੍ਹਾਂ ਨੂੰ ਹਰ ਕੋਈ ਗਿੱਪੀ ਗਰੇਵਾਲ ਦੇ ਨਾਮ ਨਾਲ ਜਾਣਦਾ ਹੈ।

ਉਨ੍ਹਾਂ ਦਾ ਵਿਆਹ ਰਵਨੀਤ ਕੌਰ ਨਾਲ ਹੋਇਆ। ਇਨ੍ਹਾਂ ਦੇ ਘਰ 3 ਪੁੱਤਰਾਂ ਨੇ ਜਨਮ ਲਿਆ। ਗਿੱਪੀ ਗਰੇਵਾਲ ਦੇ ਵੱਡੇ ਭਰਾ ਸਿੱਪੀ ਗਰੇਵਾਲ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ। ਸਭ ਤੋਂ ਪਹਿਲਾਂ ਗਿੱਪੀ ਗਰੇਵਾਲ ਨੇ ਪੰਜਾਬੀ ਗਾਇਕੀ ਵਿੱਚ ਪ੍ਰਵੇਸ਼ ਕੀਤਾ।

ਉਹ ਆਪਣੀ ਪਲੇਠੀ ਐਲਬਮ ‘ਚਖ ਲੈ’ ਰਾਹੀਂ ਸਰੋਤਿਆਂ ਦੇ ਰੂਬਰੂ ਹੋਏ। ਫੇਰ ‘ਨਸ਼ਾ’ ਐਲਬਮ ਆਈ। ਇਸ ਤੋਂ ਬਾਅਦ ਉਨ੍ਹਾਂ ਦੀ ‘ਫੁਲਕਾਰੀ’ ਐਲਬਮ ਨੇ ਤਾਂ ਸਾਰੇ ਰਿਕਾਰਡ ਤੋੜ ਦਿੱਤੇ। ਇਸ ਐਲਬਮ ਦੀਆਂ ਚਾਰੇ ਪਾਸੇ ਧੁੰਮਾਂ ਪੈ ਗਈਆਂ।

ਫੇਰ ‘ਫੁਲਕਾਰੀ-2’ ਵੀ ਆਈ। ਗਿੱਪੀ ਗਰੇਵਾਲ ਦਾ ਗਾਣਾ ‘ਅੰਗਰੇਜ਼ੀ ਬੀਟ’ ਇੰਨਾ ਮਸ਼ਹੂਰ ਹੋਇਆ ਕਿ ਇਸ ਨੂੰ ਹਿੰਦੀ ਫਿਲਮ ‘ਕੌਕਟੇਲ’ ਵਿੱਚ ਵੀ ਲਿਆ ਗਿਆ। ਅੱਜ ਗਿੱਪੀ ਗਰੇਵਾਲ ਨੂੰ ਲੋਕ ਗਾਇਕ ਅਤੇ ਅਦਾਕਾਰ ਵਜੋਂ ਜਾਣਦੇ ਹਨ।

ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ। ਜਿਨ੍ਹਾਂ ਵਿੱਚ ਜੀਹਨੇ ਮੇਰਾ ਦਿਲ ਲੁੱਟਿਆ, ਕੈਰੀ ਆਨ ਜੱਟਾ, ਸਿੰਘ ਵਰਸਿਜ਼ ਕੌਰ, ਲੱਕੀ ਦੀ ਅਨਲੱਕੀ ਸਟੋਰੀ, ਭਾਅ ਜੀ ਇਨ ਪ੍ਰੌਬਲਮ, ਜੱਟ ਜੇਮਜ਼ ਬੌਂਡ, ਹਨੀਮੂਨ ਅਤੇ ਯਾਰ ਮੇਰਾ ਤਿਤਲੀਆਂ ਵਰਗਾ ਆਦਿ ਦੇ ਨਾਮ ਲਏ ਜਾ ਸਕਦੇ ਹਨ।

ਗਿੱਪੀ ਗਰੇਵਾਲ ਨੂੰ ਉਨ੍ਹਾਂ ਦੀ ਫਿਲਮ ‘ਜੀਹਨੇ ਮੇਰਾ ਦਿਲ ਲੁੱਟਿਆ’ ਲਈ ਸਰਵ-ਉੱਤਮ ਅਦਾਕਾਰ ਦਾ ਅਵਾਰਡ ਮਿਲਿਆ। ਇਸ ਤਰਾਂ ਹੀ ਉਨ੍ਹਾਂ ਨੂੰ ਫਿਲਮ ‘ਜੱਟ ਜੇਮਜ਼ ਬਾਂਡ’ ਲਈ 2012 ਵਿੱਚ ਪੀਫਾ ਬੈਸਟ ਐਕਟਰ ਅਵਾਰਡ ਅਤੇ 2015 ਵਿੱਚ ਪੀ ਟੀ ਸੀ ਬੈਸਟ ਐਕਟਰ ਅਵਾਰਡ ਨਾਲ ਸਨਮਾਨਿਆ ਗਿਆ।

Leave a Reply

Your email address will not be published. Required fields are marked *