ਕਈ ਵਾਰ ਇੱਕ ਬੰਦੇ ਦੀ ਗਲਤੀ ਕਾਰਨ ਹਾਦਸਾ ਹੋ ਜਾਂਦਾ ਹੈ ਅਤੇ ਇਹ ਗਲਤੀ ਕਈਆਂ ਤੇ ਭਾਰੀ ਪੈ ਜਾਂਦੀ ਹੈ। ਅਜਿਹੀ ਗਲਤੀ ਖੁਸ਼ੀਆਂ ਨੂੰ ਵੀ ਗ੍ਰਹਿਣ ਲਗਾਉਣ ਵਿੱਚ ਕੋਈ ਕਸਰ ਨਹੀਂ ਛੱਡਦੀ। ਉੱਤਰ ਪ੍ਰਦੇਸ਼ ਦੇ ਹਰਦੋਈ ਦੇ ਥਾਣਾ ਪਚਦੇਵਰਾ ਦੇ ਪਿੰਡ ਦਰਿਆਬਾਦ ਨੇੜੇ ਵਾਪਰੇ ਹਾਦਸੇ ਵਿੱਚ ਇੱਕ ਬਲੈਰੋ ਦੇ ਗੰਨੇ ਦੀ ਭਰੀ ਟਰਾਲੀ ਨਾਲ ਵੱਜਣ ਕਰਕੇ ਬਲੈਰੋ ਰਜਬਾਹੇ ਵਿੱਚ ਜਾ ਡਿੱਗੀ।
ਜਿਸ ਨਾਲ ਬਲੈਰੋ ਸਵਾਰ 5 ਵਿਅਕਤੀ ਦਮ ਤੋੜ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਹਰਪਾਲਪੁਰ ਥਾਣੇ ਦੇ ਪਿੰਡ ਕੁੜਹਾ ਦੇ ਰਹਿਣ ਵਾਲੇ ਓਮਵੀਰ ਦੇ ਪੁੱਤਰ 21 ਸਾਲਾ ਦੇਵੇਸ਼ ਦਾ ਸ਼ੁਕਰਵਾਰ ਨੂੰ ਵਿਆਹ ਸੀ। ਬਰਾਤ ਸ਼ਾਹਜਹਾਂਪੁਰ ਦੇ ਪਿੰਡ ਅਭਿਅਨਪੁਰ ਜਾ ਰਹੀ ਸੀ।
ਬਰਾਤੀ ਕਈ ਗੱਡੀਆਂ ਵਿੱਚ ਸਵਾਰ ਸਨ। ਬਲੈਰੋ ਵਿੱਚ ਲਾੜਾ, ਉਸ ਦਾ ਪਿਤਾ, ਜੀਜਾ ਅਤੇ ਭਾਣਜੇ ਸਮੇਤ 8 ਜੀਅ ਸਵਾਰ ਸਨ। ਗੰਨੇ ਦੀ ਟਰਾਲੀ ਨਾਲ ਜ਼ੋਰ ਨਾਲ ਵੱਜ ਕੇ ਬਲੈਰੋ ਬੇਕਾਬੂ ਹੋ ਕੇ ਰਜਬਾਹੇ ਵਿੱਚ ਜਾ ਡਿੱਗੀ।

ਲਾੜੇ ਦਾ 12 ਸਾਲਾ ਭਾਣਜਾ ਅਤੇ ਜੀਜਾ ਮੌਕੇ ਤੇ ਹੀ ਚੱਲ ਵਸੇ। ਬਾਕੀ 6 ਨੂੰ ਸੱਟਾਂ ਲੱਗਣ ਕਾਰਨ ਹਸਪਤਾਲ ਪਹੁੰਚਾਇਆ ਗਿਆ। ਲਾੜਾ, ਉਸ ਦਾ ਪਿਤਾ ਅਤੇ ਬਲੈਰੋ ਚਾਲਕ ਹਸਪਤਾਲ ਵਿੱਚ ਪਹੁੰਚ ਕੇ ਦਮ ਤੋੜ ਗਏ।
ਇਸ ਤਰਾਂ ਕੁੱਲ 5 ਜਾਨਾਂ ਚਲੀਆਂ ਗਈਆਂ। ਬਾਕੀ ਤਿੰਨਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਜ਼ਿਲ੍ਹਾ ਮਜਿਸਟਰੇਟ ਅਤੇ ਐੱਸ ਪੀ ਪਤਾ ਲੱਗਣ ਤੇ ਹਸਪਤਾਲ ਪਹੁੰਚੇ। ਪੁਲਿਸ ਨੇ ਮਿਰਤਕ ਦੇਹਾਂ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਰਤਕ ਦੇਹਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।