ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੀਬੀਆਈ ਨੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਤੋਂ ਲਗਾਤਾਰ 8 ਘੰਟੇ ਪੁੱਛਗਿੱਛ ਕੀਤੀ ਗਈ।

ਉਨ੍ਹਾਂ ਤੇ ਦੋਸ਼ ਲੱਗਾ ਹੈ ਕਿ ਉਹ ਜਾਂਚ ਵਿੱਚ ਅਧਿਕਾਰੀਆਂ ਨੂੰ ਸਹਿਯੋਗ ਨਹੀਂ ਸੀ ਦੇ ਰਹੇ। ਜਿਸ ਕਰਕੇ ਉਨ੍ਹਾਂ ਨੂੰ ਫੜ ਲਿਆ ਗਿਆ। ਮਾਮਲਾ ਆਬਕਾਰੀ ਨੀਤੀ ਨਾਲ ਸਬੰਧਿਤ ਹੈ। ਉਨ੍ਹਾਂ ਨੂੰ ਦਿੱਲੀ ਸਥਿਤ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਹਾਲਾਂਕਿ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਤਾਂ ਪਹਿਲਾਂ ਹੀ ਸ਼ੱਕ ਪ੍ਰਗਟਾਇਆ ਸੀ ਕਿ ਪੁੱਛਗਿੱਛ ਸਮੇਂ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਸੀਬੀਆਈ ਦੁਆਰਾ ਮਨੀਸ਼ ਸਿਸੋਦੀਆ ਤੇ ਇਹ ਕਾਰਵਾਈ ਦਾਰੂ ਦੇ ਮਾਮਲੇ ਵਿੱਚ ਬੇਨਿਯਮੀਆਂ ਹੋਣ ਦੀ ਗੱਲ ਆਖ ਕੇ ਕੀਤੀ ਗਈ ਹੈ।

ਉਨ੍ਹਾ ਤੇ ਮਾਮਲਾ ਦਰਜ ਹੋ ਗਿਆ ਸੀ ਪਰ ਸੀਬੀਆਈ ਨੂੰ ਸ਼ਿਕਵਾ ਹੈ ਕਿ ਮਨੀਸ਼ ਸਿਸੋਦੀਆ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਹੇ। ਦੂਜੇ ਪਾਸੇ ਆਪ ਆਗੂਆਂ ਦੀ ਦਲੀਲ ਹੈ ਕਿ ਮਨਿਸ਼ ਸਿਸੋਦੀਆ ਦੇ ਘਰ ਦੀ ਤਲਾਸ਼ੀ ਦੌਰਾਨ ਕੁਝ ਵੀ ਨਹੀਂ ਮਿਲਿਆ ਪਰ ਫੇਰ ਵੀ ਡਿਪਟੀ ਮੁੱਖ ਮੰਤਰੀ ਨੂੰ ਫੜ ਲਿਆ ਗਿਆ ਹੈ।

ਆਪ ਆਗੂਆਂ ਦਾ ਮੰਨਣਾ ਹੈ ਕਿ ਡਿਪਟੀ ਮੁਖ ਮੰਤਰੀ ਦਿੱਲੀ ਵਿੱਚ ਜੋ ਵਧੀਆ ਕੰਮ ਕਰ ਰਹੇ ਹਨ, ਉਸ ਨੂੰ ਕੇੰਦਰ ਸਰਕਾਰ ਪਸੰਦ ਨਹੀਂ ਕਰ ਰਹੀ। ਉਨ੍ਹਾਂ ਨੇ ਕੇਂਦਰ ਸਰਕਾਰ ਤੇ ਏਜੰਸੀਆਂ ਦੀ ਮਰਜੀ ਮੁਤਾਬਕ ਵਰਤੋਂ ਕਰਨ ਦੇ ਦੋਸ਼ ਲਗਾਏ ਹਨ।

ਦੂਜੇ ਪਾਸੇ ਭਾਜਪਾ ਦਾ ਤਰਕ ਹੈ ਕਿ ਸੀਬੀਆਈ ਨੇ ਸਬੂਤਾਂ ਅਤੇ ਗਵਾਹਾਂ ਦੇ ਅਧਾਰ ਤੇ ਕਾਰਵਾਈ ਕੀਤੀ ਹੈ। ਹੁਣ ਦਿੱਲੀ ਵਿੱਚ ਇਸ ਮਾਮਲੇ ਤੇ ਦੋਵੇਂ ਪਾਰਟੀਆਂ ਵਿਚਕਾਰ ਰਾਜਨੀਤੀ ਭਖਦੀ ਨਜ਼ਰ ਆ ਰਹੀ ਹੈ।