ਅਸੀਂ ਦੇਖਦੇ ਹਾਂ ਕਿ ਹੁਣ ਤਾਂ ਇਨਸਾਫ਼ ਲੈਣ ਲਈ ਧਰਨੇ ਲਾਉਣ ਪੈਂਦੇ ਹਨ। ਭਾਵੇਂ ਕੋਈ ਵੀ ਮਾਮਲਾ ਹੋਵੇ ਜਨਤਾ ਨੂੰ ਇੱਕ ਹੀ ਸ਼ਿਕਵਾ ਹੈ ਕਿ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਅੱਜਕੱਲ੍ਹ ਤਾਂ ਪੰਜਾਬ ਵਿੱਚ ਹਰ ਪਾਸੇ ਧਰਨੇ ਲੱਗੇ ਨਜ਼ਰ ਆਉਂਦੇ ਹਨ। ਹਰ ਕਿਸੇ ਦਾ ਬਿਆਨ ਹੁੰਦਾ ਹੈ ਕਿ ਉਨ੍ਹਾਂ ਨੂੰ ਇਨਸਾਫ਼ ਚਾਹੀਦਾ ਹੈ।
ਆਖਰ ਜਨਤਾ ਨੂੰ ਧਰਨੇ ਕਿਉਂ ਲਾਉਣੇ ਪੈ ਰਹੇ ਹਨ। ਇੱਕ ਪਰਿਵਾਰ ਨੇ ਅੰਮਿ੍ਤਸਰ-ਜੰਮੂ ਨੈਸ਼ਨਲ ਹਾਈਵੇ ਤੇ ਧਰਨਾ ਲਗਾਇਆ ਹੈ। ਮਾਮਲਾ ਇਸ ਪਰਿਵਾਰ ਦੇ 19 ਸਾਲਾ ਪੁੱਤਰ ਦੀ ਜਾਨ ਜਾਣ ਨਾਲ ਸਬੰਧਿਤ ਦੱਸਿਆ ਜਾਂਦਾ ਹੈ।
ਜੋ ਇੱਕ ਨਿੱਜੀ ਸਕੂਲ ਦੀ ਵੈਨ ਦੀ ਲਪੇਟ ਵਿੱਚ ਆ ਕੇ ਦਮ ਤੋੜ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਬਾਈਕ ਤੇ ਸਵਾਰ ਹੋ ਕੇ ਸਕੂਲ ਤੋਂ ਰੋਲ ਨੰਬਰ ਲੈਣ ਲਈ ਗਿਆ ਸੀ।
ਜਦੋਂ ਉਹ ਸਕੂਲ ਤੋਂ ਵਾਪਸ ਆ ਰਿਹਾ ਸੀ ਤਾਂ ਪਿੰਡ ਕਾਲੇ ਨੰਗਲ ਨੇੜੇ ਉਸ ਦੀ ਬਾਈਕ ਅਤੇ ਇੱਕ ਨਿੱਜੀ ਸਕੂਲ ਦੀ ਵੈਨ ਵਿਚਕਾਰ ਟੱਕਰ ਹੋ ਗਈ। ਇਸ ਟੱਕਰ ਦੇ ਸਿੱਟੇ ਵਜੋਂ ਨੌਜਵਾਨ ਅੱਖਾਂ ਮੀਟ ਗਿਆ।
ਪਰਿਵਾਰ ਚਾਹੁੰਦਾ ਸੀ ਕਿ ਵੈਨ ਡਰਾਈਵਰ ਅਤੇ ਸਕੂਲ ਪ੍ਰਬੰਧਕਾਂ ਤੇ ਮਾਮਲਾ ਦਰਜ ਕੀਤਾ ਜਾਵੇ। ਜਦੋਂ ਉਨ੍ਹਾਂ ਦੀ ਮੰਗ ਨਹੀਂ ਮੰਨੀ ਗਈ ਤਾਂ ਉਨ੍ਹਾਂ ਨੇ ਧਰਨਾ ਲਗਾ ਕੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਰੋਡ ਤੇ ਆਵਾਜਾਈ ਰੁਕ ਜਾਣ ਕਾਰਨ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ।
ਪਰਿਵਾਰ ਨੂੰ ਇਹ ਵੀ ਸ਼ਿਕਵਾ ਹੈ ਕਿ ਦੂਜੀ ਧਿਰ ਵੱਲੋਂ ਉਨ੍ਹਾਂ ਨੂੰ 2 ਢਾਈ ਲੱਖ ਰੁਪਏ ਦੇ ਕੇ ਮਾਮਲਾ ਰਫਾ ਦਫਾ ਕਰਨ ਦੀ ਪੇਸ਼ਕਸ਼ ਕੀਤੀ ਗਈ। ਮਿਰਤਕ ਦੇ ਪਰਿਵਾਰ ਦੀ ਦਲੀਲ ਹੈ ਕਿ ਉਨ੍ਹਾਂ ਨੂੰ ਪੈਸੇ ਨਹੀਂ ਇਨਸਾਫ਼ ਦੀ ਜ਼ਰੂਰਤ ਹੈ। ਮਿਰਤਕ ਦੀ ਮਾਂ ਅਤੇ ਭੈਣ ਦੀ ਹਾਲਤ ਦੇਖੀ ਨਹੀਂ ਜਾਂਦੀ।
ਉਹ ਰੋ ਰੋ ਕੇ ਸਕੂਲ ਪ੍ਰਬੰਧਕਾਂ ਤੇ ਕਾਰਵਾਈ ਦੀ ਮੰਗ ਕਰ ਰਹੀਆਂ ਹਨ। ਦੂਜੇ ਪਾਸੇ ਪੁਲਿਸ ਦਾ ਮੰਨਣਾ ਹੈ ਕਿ ਜੋ ਵਿਅਕਤੀ ਹਾਦਸੇ ਲਈ ਜ਼ਿੰਮੇਵਾਰ ਹੈ, ਉਸ ਤੇ ਹੀ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਪੁਲਿਸ ਦੀ ਇਹ ਵੀ ਦਲੀਲ ਹੈ ਕਿ ਧਰਨਾ ਲਗਾਉਣ ਕਾਰਨ ਰਸਤਾ ਰੁਕਦਾ ਹੈ।
ਕਿਸੇ ਨੇ ਹਸਪਤਾਲ ਜਾਣਾ ਹੁੰਦਾ ਹੈ ਅਤੇ ਕਿਸੇ ਨੇ ਹੋਰ ਕੋਈ ਜ਼ਰੂਰੀ ਕੰਮ। ਪੁਲਿਸ ਨੇ ਮਿਰਤਕ ਨੌਜਵਾਨ ਦੇ ਪਰਿਵਾਰ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ।