
ਗੁਰਦਾਸਪੁਰ ਦੇ ਪਿੰਡ ਦਲੀਆ ਦੇ ਸ਼ਾਮ ਲਾਲ ਦੇ ਪਰਿਵਾਰ ਵਿੱਚ ਨਵੇਂ ਮਕਾਨ ਦੇ ਮਹੂਰਤ ਦੀਆਂ ਖੁਸ਼ੀਆਂ ਉਸ ਸਮੇਂ ਸੋਗ ਵਿੱਚ ਬਦਲ ਗਈਆਂ ਜਦੋਂ ਸ਼ਾਮ ਲਾਲ ਦੇ ਇਕਲੌਤੇ ਫੌਜੀ ਪੁੱਤਰ ਸੰਦੀਪ ਕੁਮਾਰ ਦੀ ਤਿਰੰਗੇ ਵਿੱਚ ਲਿਪਟੀ ਮਿਰਤਕ ਦੇਹ ਘਰ ਪਹੁੰਚ ਗਈ।

ਪਰਿਵਾਰ ਤਾਂ ਨਵੇਂ ਘਰ ਦੇ ਸ਼ੁਭ ਮਹੂਰਤ ਦੀਆਂ ਖੁਸ਼ੀਆਂ ਮਨਾ ਰਿਹਾ ਸੀ। ਸੰਦੀਪ ਕੁਮਾਰ ਦੀ ਉਮਰ 23 ਸਾਲ ਸੀ। ਉਹ 3 ਭੈਣਾਂ ਦਾ ਇਕਲੌਤਾ ਛੋਟਾ ਭਰਾ ਸੀ। ਜੋ ਕਿ ਤੀਜੀ ਪੰਜਾਬ ਰੈਜਮੈਂਟ ਵਿੱਚ ਕਾਂਸਟੇਬਲ ਸੀ।
ਪਤਾ ਲੱਗਾ ਹੈ ਕਿ ਸੰਦੀਪ ਕੁਮਾਰ ਸਿਰਫ 12 ਦਿਨ ਪਹਿਲਾਂ ਛੁੱਟੀ ਆਇਆ ਸੀ। ਉਹ ਆਪਣੇ ਇੱਕ ਸਿਪਾਹੀ ਦੋਸਤ ਦੀ ਭੈਣ ਦੇ ਵਿਆਹ ਤੋਂ ਮੁਕੇਰੀਆਂ ਨੇੜੇ ਕਿਸੇ ਪਿੰਡ ਤੋਂ ਆਪਣੇ 2 ਦੋਸਤਾਂ ਸਮੇਤ ਕਾਰ ਵਿੱਚ ਸਵਾਰ ਹੋ ਕੇ ਵਾਪਸ ਡਿਊਟੀ ਤੇ ਜਾ ਰਿਹਾ ਸੀ।

ਇਨ੍ਹਾਂ ਦੀ ਕਾਰ ਨਾਲ ਹਾਦਸਾ ਵਾਪਰ ਜਾਣ ਕਾਰਨ ਸੰਦੀਪ ਕੁਮਾਰ ਦੀ ਜਾਨ ਚਲੀ ਗਈ ਅਤੇ ਉਸ ਦੇ ਦੋਵੇਂ ਸਾਥੀਆਂ ਦੇ ਕਾਫੀ ਸੱਟਾਂ ਲੱਗੀਆਂ। ਸੰਦੀਪ ਕੁਮਾਰ ਦਾ ਉਨ੍ਹਾਂ ਦੇ ਜੱਦੀ ਪਿੰਡ ਦਲੀਆ ਵਿੱਚ ਅੰਤਮ ਸਸਕਾਰ ਕਰ ਦਿੱਤਾ ਗਿਆ।
ਉਸ ਨੂੰ ਅੰਤਮ ਵਿਦਾਇਗੀ ਦੇਣ ਲਈ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਸਬੰਧੀ, ਪਿੰਡ ਵਾਸੀ ਅਤੇ ਹੋਰ ਮੁਹਤਬਰ ਹਾਜ਼ਰ ਸਨ। ਤਿਬੜੀ ਛਾਉਣੀ ਤੋਂ 19 ਸਿੱਖ ਯੂਨਿਟ ਦੇ ਜਵਾਨ ਸੰਦੀਪ ਕੁਮਾਰ ਨੂੰ ਸਲਾਮੀ ਦੇਣ ਲਈ ਪੁੱਜੇ।

ਮਾਂ ਨੇ ਆਪਣੇ ਪੁੱਤਰ ਦੇ ਸਿਰ ਤੇ ਸਿਹਰਾ ਸਜਾ ਕੇ ਅਤੇ ਭੈਣਾਂ ਨੇ ਰੱਖੜੀ ਬੰਨ੍ਹ ਕੇ ਅੰਤਮ ਵਿਦਾਇਗੀ ਦਿੱਤੀ। ਮਾਹੌਲ ਬੜਾ ਗਮਗੀਨ ਸੀ ਅਤੇ ਹਰ ਅੱਖ ਸਿੱਲ੍ਹੀ ਸੀ।