ਭਾਵੇਂ ਬਾਲੀਵੁੱਡ ਵਿੱਚ ਖਲਨਾਇਕੀ ਦਾ ਰੋਲ ਕਰਨ ਵਾਲੇ ਕਈ ਅਦਾਕਾਰ ਹੋਏ ਹਨ ਅਤੇ ਕਈ ਅਦਾਕਾਰੀ ਕਰ ਰਹੇ ਹਨ ਪਰ ਜੋ ਛਾਪ ਅਮਰੀਸ਼ ਪੁਰੀ ਨੇ ਆਪਣੀ ਅਦਾਕਾਰੀ ਦੌਰਾਨ ਛੱਡੀ ਹੈ, ਉਹ ਮੰਜ਼ਿਲ ਕਿਸੇ ਹੋਰ ਨੂੰ ਨਸੀਬ ਨਹੀਂ ਹੋਈ। ਅਮਰੀਸ਼ ਪੁਰੀ ਦੀ ਅਵਾਜ਼ ਵਿੱਚ ਜੋ ਦਮ ਸੀ ਅਤੇ ਜੋ ਉਨ੍ਹਾਂ ਦੀ ਸਰੀਰਕ ਦਿੱਖ ਸੀ, ਉਹ ਖਲਨਾਇਕ ਦੇ ਕਿਰਦਾਰ ਲਈ ਬਿੱਲਕੁਲ ਢੁਕਵੀਂ ਸੀ।

ਜਿਸ ਸਦਕਾ ਸਿਰਫ ਬਾਲੀਵੁੱਡ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ਦੀਆਂ ਫਿਲਮਾਂ ਵਿੱਚ ਵੀ ਅਮਰੀਸ਼ ਪੁਰੀ ਨੇ ਆਪਣੀ ਕਲਾ ਦੀ ਪੇਸ਼ਕਾਰੀ ਕੀਤੀ। ਜਿਸ ਉਮਰ ਵਿੱਚ ਅਮਰੀਸ਼ ਪੁਰੀ ਦੇ ਅੰਦਰਲੇ ਕਲਾਕਾਰ ਨੇ ਸਕਰੀਨ ਤੇ ਆਪਣੀ ਕਲਾ ਦੇ ਜੌਹਰ ਦਿਖਾਏ ਆਮ ਤੌਰ ਤੇ ਉਸ ਉਮਰ ਵਿੱਚ ਇਨਸਾਨ ਦੀ ਸਿਹਤ ਵਿੱਚ ਆਲਸ ਆਉਣ ਲੱਗਦੀ ਹੈ।

ਅਮਰੀਸ਼ ਪੁਰੀ ਦੇ ਨਿਭਾਏ ਹੋਏ ਕਿਰਦਾਰ ਨੂੰ ਅੱਜ ਵੀ ਦਰਸ਼ਕ ਯਾਦ ਕਰਦੇ ਹਨ। ਭਾਵੇਂ ਅਮਰੀਸ਼ ਪੁਰੀ ਨੂੰ ਵਿਲੇਨ ਦੇ ਤੌਰ ਤੇ ਜਾਣਿਆ ਜਾਂਦਾ ਹੈ ਪਰ ਕਈ ਫਿਲਮਾਂ ਵਿੱਚ ਉਨ੍ਹਾਂ ਨੇ ਸਾਕਾਰਾਤਮਕ ਕਿਰਦਾਰ ਵੀ ਨਿਭਾਏ ਹਨ। ਘਰੋਂ ਤਾਂ ਅਮਰੀਸ਼ ਪੁਰੀ ਫਿਲਮਾਂ ਵਿੱਚ ਹੀਰੋ ਬਣਨ ਲਈ ਮੁੰਬਈ ਆਏ ਸਨ ਪਰ ਉਹ ਖਲਨਾਇਕੀ ਦੇ ਕਿਰਦਾਰ ਵਿੱਚ ਕਾਮਯਾਬ ਰਹੇ।

ਉਨ੍ਹਾਂ ਦਾ ਜਨਮ ਪੰਜਾਬ ਦੇ ਨਵਾਂ ਸ਼ਹਿਰ ਵਿੱਚ 22 ਜੂਨ 1932 ਨੂੰ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਲਾਲਾ ਨਿਹਾਲ ਚੰਦ ਅਤੇ ਮਾਂ ਦਾ ਨਾਂ ਵੇਦ ਕੌਰ ਸੀ। ਉਨ੍ਹਾਂ ਦੇ 3 ਭਰਾ ਅਤੇ ਇੱਕ ਭੈਣ ਸੀ। ਅਮਰੀਸ਼ ਪੁਰੀ ਦੇ ਵੱਡੇ ਭਰਾ ਚਮਨ ਪੁਰੀ ਅਤੇ ਮਦਨ ਪੁਰੀ ਪਹਿਲਾਂ ਹੀ ਫਿਲਮ ਇੰਡਸਟਰੀ ਨਾਲ ਜੁੜ ਚੁਕੇ ਸਨ।

ਹਾਲਾਂਕਿ ਇਨ੍ਹਾਂ ਦੇ ਪਿਤਾ ਨਿਹਾਲ ਚੰਦ ਨੂੰ ਆਪਣੇ ਪੁੱਤਰਾਂ ਦਾ ਫਿਲਮਾਂ ਵਿੱਚ ਕੰਮ ਕਰਨਾ ਪਸੰਦ ਨਹੀਂ ਸੀ। ਉਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਪੁੱਤਰ ਕੋਈ ਸਰਕਾਰੀ ਨੌਕਰੀ ਕਰਨ। ਉਨ੍ਹਾਂ ਦੀਆਂ ਨਜ਼ਰਾਂ ਵਿੱਚ ਫਿਲਮਾਂ ਵਿੱਚ ਕੰਮ ਕਰਨਾ ਸ਼ਰੀਫ ਬੰਦਿਆਂ ਦਾ ਕੰਮ ਨਹੀਂ ਹੈ। ਅਸਲ ਵਿੱਚ ਲਾਲਾ ਨਿਹਾਲ ਚੰਦ ਦੇ ਭਤੀਜੇ ਕੇ ਐੱਲ ਸਹਿਗਲ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਸਨ।

ਜੋ ਜ਼ਿਆਦਾ ਦਾਰੂ ਪੀਣ ਦੀ ਆਦਤ ਕਰਕੇ ਜਵਾਨੀ ਵਿੱਚ ਹੀ ਇਸ ਦੁਨੀਆਂ ਨੂੰ ਛੱਡ ਗਏ। ਇਸ ਕਰਕੇ ਹੀ ਨਿਹਾਲ ਚੰਦ ਆਪਣੇ ਬੱਚਿਆਂ ਨੂੰ ਫਿਲਮ ਲਾਈਨ ਵਿੱਚ ਨਹੀਂ ਸੀ ਜਾਣ ਦੇਣਾ ਚਾਹੁੰਦੇ। ਅਮਰੀਸ਼ ਪੁਰੀ ਦੀ ਵੱਡੀ ਭੈਣ ਦਾ ਨਾਂ ਚੰਦਰ ਕਾਂਤਾ ਅਤੇ ਛੋਟੇ ਭਰਾ ਦਾ ਨਾਮ ਹਰੀਸ਼ ਪੁਰੀ ਸੀ। ਅਮਰੀਸ਼ ਪੁਰੀ ਦਾ ਰੰਗ ਪੱਕਾ ਹੋਣ ਕਾਰਨ ਉਹ ਦੁੱਧ ਬਹੁਤ ਪੀਂਦੇ ਸਨ।

ਉਨ੍ਹਾਂ ਦਾ ਖਿਆਲ ਸੀ ਕਿ ਦੁੱਧ ਪੀਣ ਨਾਲ ਉਨ੍ਹਾਂ ਦਾ ਰੰਗ ਸਾਫ ਹੋ ਜਾਵੇਗਾ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਬੀ ਐੱਮ ਕਾਲਜ ਤੋਂ ਬੀ ਕਾਮ ਕੀਤੀ। ਫਿਰ ਉਹ ਫਿਲਮਾਂ ਵਿੱਚ ਹੀਰੋ ਬਣਨ ਦੇ ਇਰਾਦੇ ਨਾਲ 1953 ਵਿੱਚ ਆਪਣੇ ਭਰਾ ਕੋਲ ਮੁੰਬਈ ਆ ਗਏ ਪਰ ਉਹ ਸਕਰੀਨ ਟੈਸਟ ਵਿੱਚ ਕਾਮਯਾਬ ਨਾ ਹੋਏ।

ਉਨ੍ਹਾਂ ਦੀ ਸਰੀਰਕ ਦਿੱਖ ਨੂੰ ਹੀਰੋ ਦੇ ਰੋਲ ਦੇ ਅਨੁਕੂਲ ਨਾ ਸਮਝਿਆ ਗਿਆ। ਉਨ੍ਹਾਂ ਨੂੰ ਜਿਸ ਤਰਾਂ ਦੇ ਰੋਲ ਦੀ ਪੇਸ਼ਕਸ਼ ਕੀਤੀ ਗਈ, ਉਸ ਤਰਾਂ ਦੇ ਰੋਲ ਉਹ ਕਰਨੇ ਨਹੀਂ ਸੀ ਚਾਹੁੰਦੇ। ਫਿਲਮ ਇੰਡਸਟਰੀ ਵਿੱਚ ਨਾਂਹ ਹੋ ਜਾਣ ਤੇ ਉਨ੍ਹਾਂ ਨੇ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਵਿੱਚ ਨੌਕਰੀ ਕਰ ਲਈ।

ਇਹ ਇੱਕ ਸਰਕਾਰੀ ਸੰਸਥਾ ਸੀ। ਇਸ ਦੇ ਨਾਲ ਹੀ ਉਹ 1961 ਵਿੱਚ ਇੱਕ ਨਾਟਕ ਮੰਡਲੀ ਵਿੱਚ ਸ਼ਾਮਲ ਹੋ ਗਏ ਅਤੇ ਨਾਟਕ ਖੇਡਣ ਲੱਗੇ। ਲਗਾਤਾਰ 10 ਸਾਲ ਉਹ ਥੀਏਟਰ ਨਾਲ ਜੁੜੇ ਰਹੇ। 1957 ਵਿੱਚ ਉਨ੍ਹਾਂ ਨੇ ਉਰਮਿਲਾ ਦੇਵੀ ਨਾਲ ਵਿਆਹ ਕਰਵਾ ਲਿਆ। ਇਨ੍ਹਾਂ ਦੇ ਪੁੱਤਰ ਦਾ ਨਾਂ ਰਾਜੀਵ ਪੁਰੀ ਅਤੇ ਧੀ ਦਾ ਨਾਂ ਨਮਰਤਾ ਪੁਰੀ ਹੈ।

1970 ਵਿੱਚ ਅਮਰੀਸ਼ ਪੁਰੀ ਨੂੰ ਫਿਲਮ ‘ਪ੍ਰੇਮ ਪੁਜਾਰੀ’ ਵਿੱਚ ਛੋਟਾ ਜਿਹਾ ਰੋਲ ਮਿਲਿਆ। ਫੇਰ ਉਨ੍ਹਾਂ ਨੂੰ ਹੋਰ ਵੀ ਨਿੱਕੇ ਨਿੱਕੇ ਰੋਲ ਮਿਲੇ ਪਰ 1980 ਵਿੱਚ ਫਿਲਮ ‘ਹਮ ਪਾਂਚ’ ਵਿੱਚ ਨਿਭਾਏ ਕਿਰਦਾਰ ਸਦਕਾ ਉਨ੍ਹਾਂ ਨੂੰ ਲਗਾਤਾਰ ਫਿਲਮਾਂ ਦੀ ਪੇਸ਼ਕਸ਼ ਹੋਣ ਲੱਗੀ। ਬਹੁਤ ਥੋੜ੍ਹੇ ਸਮੇਂ ਵਿੱਚ ਹੀ ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਵਿਲੇਨ ਦੇ ਰੂਪ ਵਿੱਚ ਸਥਾਪਤ ਕਰ ਲਿਆ।

ਅਮਰੀਸ਼ ਪੁਰੀ ਨੇ ਲੱਗਭੱਗ 450 ਫਿਲਮਾਂ ਵਿੱਚ ਕੰਮ ਕੀਤਾ। ਇਨ੍ਹਾਂ ਵਿੱਚ ਬਾਲੀਵੁੱਡ ਦੇ ਨਾਲ ਨਾਲ ਪੰਜਾਬੀ, ਤੇਲਗੂ, ਕੰਨੜ, ਤਾਮਿਲ, ਮਲਿਆਲਮ, ਮਰਾਠੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਫਿਲਮਾਂ ਵੀ ਸ਼ਾਮਲ ਹਨ। ਉਨ੍ਹਾਂ ਦੁਆਰਾ ਵਿਧਾਤਾ, ਸ਼ਕਤੀ, ਹੀਰੋ, ਮੇਰੀ ਜੰਗ, ਨਗੀਨਾ, ਸ਼ਹਿਨਸ਼ਾਹ ਅਤੇ ਰਾਮ ਲਖਨ ਫਿਲਮਾਂ ਵਿੱਚ ਵਿਲੇਨ ਦਾ ਜੋ ਕਿਰਦਾਰ ਨਿਭਾਇਆ ਗਿਆ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ।

‘ਮਿਸਟਰ ਇੰਡੀਆ’ ਵਿੱਚ ‘ਮੋਗੈੰਬੋ’ ਅਤੇ ‘ਗਦਰ’ ਵਿੱਚ ‘ਅਸ਼ਰਫ ਅਲੀ’ ਦਾ ਜੋ ਰੋਲ ਅਮਰੀਸ਼ ਪੁਰੀ ਨੇ ਕੀਤਾ, ਉਹ ਦਰਸ਼ਕਾਂ ਦੇ ਦਿਲ ਤੇ ਡੂੰਘੀ ਛਾਪ ਛੱਡ ਗਿਆ। ਤ੍ਰਿਦੇਵ, ਘਾਇਲ, ਸੌਦਾਗਰ, ਥਲਪਤੀ, ਤਹਿਲਕਾ, ਦਾਮਿਨੀ, ਕਰਨ ਅਰਜੁਨ, ਜੀਤ, ਕੋਇਲਾ ਅਤੇ ਬਾਦਸ਼ਾਹ ਵਿੱਚ ਵੀ ਉਨ੍ਹਾਂ ਦਾ ਕਿਰਦਾਰ ਸ਼ਾਨਦਾਰ ਕਿਹਾ ਜਾ ਸਕਦਾ ਹੈ।

ਪੰਜਾਬੀ ਫਿਲਮ ‘ਚੰਨ ਪ੍ਰਦੇਸੀ’ ਵਿੱਚ ਵੀ ਉਨ੍ਹਾਂ ਨੇ ਵਿਲੇਨ ਦੇ ਤੌਰ ਤੇ ਜਗੀਰਦਾਰ ਦਾ ਰੋਲ ਕੀਤਾ ਸੀ। ਇਸ ਫਿਲਮ ਨੇ ਰਾਸ਼ਟਰੀ ਇਨਾਮ ਹਾਸਲ ਕੀਤਾ ਸੀ। ਉਨ੍ਹਾਂ ਨੇ ਸਟੀਵਨ ਸਪੀਲਬਰਗ ਦੀ ‘ਇੰਡੀਆਨਾ ਜੋਨਸ ਐਂਡ ਦ ਟੈਂਪਲ ਆਫ ਡੂਮ’ ਵਿੱਚ ਮੋਲਾ ਰਾਮ ਅਤੇ ਰਿਚਰਡ ਐਟਨਬਰੋ ਦੀ ‘ਗਾਂਧੀ’ ਵਿੱਚ ਦੱਖਣੀ ਅਫਰੀਕਾ ਵਿੱਚ ਗਾਂਧੀ ਦੇ ਮੁਸਲਿਮ ਮਾਲਕ ਅਤੇ ਸਰਪ੍ਰਸਤ ਦਾ ਰੋਲ ਕੀਤਾ।

ਜਿਸ ਨਾਲ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਛਾਣ ਮਿਲੀ। ਇੰਡੀਆਨਾ ਜੋਨਸ ਲਈ ਉਨ੍ਹਾਂ ਨੂੰ ਆਪਣਾ ਸਿਰ ਮੁਨਵਾਉਣਾ ਪਿਆ ਸੀ। ਇਸ ਤੋਂ ਬਾਅਦ ਉਹ ਬਿੱਗ ਪਹਿਨ ਕੇ ਹੀ ਰਹਿੰਦੇ ਰਹੇ। ਉਨ੍ਹਾਂ ਦੀ ਆਖਰੀ ਫਿਲਮ ‘ਕ੍ਰਿਸ਼ਨਾ ਦ ਵਾਰੀਅਰ ਪੋਇਟ’ ਸੀ। ਜੋ 2005 ਵਿੱਚ ਆਈ ਸੀ। ਮਿਲੀ ਜਾਣਕਾਰੀ ਮੁਤਾਬਿਕ ਉਹ ਇੱਕ ਫਿਲਮ ਵਿੱਚ ਕੰਮ ਕਰਨ ਦੇ ਲੱਗਭੱਗ 1 ਕਰੋੜ ਰੁਪਏ ਲੈੰਦੇ ਸਨ।

ਉਹ ਮੁੰਬਈ ਦੇ ਜੂਹ ਸਥਿਤ ਇੱਕ ਸ਼ਾਨਦਾਰ ਬੰਗਲੇ ਵਿੱਚ ਆਪਣੇ ਪਰਿਵਾਰ ਸਮੇਤ ਰਹਿੰਦੇ ਸਨ। ਅਖੀਰ 12 ਜਨਵਰੀ 2005 ਨੂੰ ‘ਮੋਗੈੰਬੋ’ ਸਦਾ ਦੀ ਨੀਂਦ ਸੌੰ ਗਿਆ ਅਤੇ ਫਿਲਮ ਇੰਡਸਟਰੀ ਤੋਂ ਇੱਕ ਕਾਬਲ ਅਤੇ ਦਮਦਾਰ ਅਵਾਜ਼ ਵਾਲਾ ਵਿਲੇਨ ਸਦਾ ਲਈ ਖੁੱਸ ਗਿਆ।