ਅੱਜਕੱਲ੍ਹ ਤਾਂ ਸੜਕਾਂ ਤੇ ਔਰਤਾਂ ਜਾਂ ਬਜ਼ੁਰਗਾਂ ਦਾ ਇਕੱਲੇ ਨਿਕਲਣਾ ਸੌਖਾ ਨਹੀਂ ਰਿਹਾ। ਪਤਾ ਨਹੀਂ ਕਦੋਂ ਕੋਈ ਮੋਬਾਈਲ, ਪਰਸ ਜਾਂ ਹੋਰ ਕੋਈ ਕੀਮਤੀ ਸਮਾਨ ਝਪਟ ਕੇ ਰਫੂ ਚੱਕਰ ਹੋ ਜਾਵੇ। ਹੁਣ ਤੱਕ ਕਿੰਨੀਆਂ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।

ਕਈ ਮਾਮਲਿਆਂ ਵਿੱਚ ਤਾਂ ਘਟਨਾ ਲਈ ਜ਼ਿੰਮੇਵਾਰ ਬੰਦੇ ਫੜੇ ਹੀ ਨਹੀਂ ਜਾਂਦੇ ਪਰ ਜੇ ਕੋਈ ਫੜਿਆ ਵੀ ਜਾਂਦਾ ਹੈ ਤਾਂ ਅਦਾਲਤੀ ਪ੍ਰਕ੍ਰਿਆ ਕਾਫੀ ਲੰਬੀ ਹੈ। ਇਹ ਲੋਕ ਜੇਲ੍ਹ ਤੋਂ ਬਾਹਰ ਆ ਕੇ ਫੇਰ ਇਹੋ ਧੰਦਾ ਸ਼ੁਰੂ ਕਰ ਦਿੰਦੇ ਹਨ।

ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਵਿਖੇ ਮੋਟਰਸਾਈਕਲ ਤੇ ਸਵਾਰ 2 ਵਿਅਕਤੀਆਂ ਨੇ ਸਕੂਟਰੀ ਸਵਾਰ ਔਰਤ ਤੋਂ ਪਰਸ ਝਪਟਦੇ ਸਮੇਂ 2 ਜਾਨਾਂ ਲੈ ਲਈਆਂ ਅਤੇ ਇੱਕ ਔਰਤ ਪ੍ਰਭਜੀਤ ਕੌਰ ਦੇ ਸੱਟਾਂ ਲੱਗੀਆਂ ਹਨ। ਸਕੂਟਰੀ ਬੇਕਾਬੂ ਹੋ ਕੇ ਟਰੈਕਟਰ ਟਰਾਲੀ ਨਾਲ ਜਾ ਵੱਜੀ।
ਵਾਪਰੀ ਘਟਨਾ ਮੁਤਾਬਕ ਪ੍ਰਭਜੀਤ ਕੌਰ ਆਪਣੇ 6 ਸਾਲਾ ਪੁੱਤਰ ਗੁਰਭੇਜ ਸਿੰਘ ਅਤੇ 21 ਸਾਲਾ ਭਾਣਜੀ ਗਗਨਦੀਪ ਕੌਰ ਸਮੇਤ ਸਕੂਟਰੀ ਤੇ ਜਾ ਰਹੀ ਸੀ। ਸਕੂਟਰੀ ਨੂੰ ਪ੍ਰਭਜੀਤ ਕੌਰ ਚਲਾ ਰਹੀ ਸੀ ਅਤੇ ਇਨ੍ਹਾਂ ਨੇ ਪਰਸ ਵਿਚਕਾਰ ਰੱਖਿਆ ਹੋਇਆ ਸੀ। ਪਰਸ ਵਿੱਚ 2 ਮੋਬਾਈਲ ਅਤੇ ਕੁਝ ਨਕਦੀ ਸੀ।

ਮੋਟਰਸਾਈਕਲ ਤੇ ਸਵਾਰ 2 ਵਿਅਕਤੀਆਂ ਨੇ ਪਰਸ ਖਿੱਚ ਕੇ ਚੁੱਕ ਲਿਆ। ਜਦੋਂ ਪ੍ਰਭਜੀਤ ਕੌਰ ਨੇ ਮੱਦਦ ਲਈ ਰੌਲਾ ਪਾਇਆ ਤਾਂ ਪਰਸ ਚੁੱਕਣ ਵਾਲਿਆਂ ਨੇ ਲੱਤ ਨਾਲ ਸਕੂਟਰੀ ਨੂੰ ਧੱਕਾ ਦੇ ਦਿੱਤਾ। ਸਕੂਟਰੀ ਬੇਕਾਬੂ ਹੋ ਕੇ ਟਰੈਕਟਰ ਟਰਾਲੀ ਵਿੱਚ ਜਾ ਵੱਜੀ। ਜਿਸ ਨਾਲ ਸਕੂਟਰੀ ਡਿੱਗ ਪਈ।
ਹੋਲੇ ਮਹੱਲੇ ਨੂੰ ਜਾਣ ਵਾਲੇ ਸ਼ਰਧਾਲੂਆਂ ਨੇ ਇਨ੍ਹਾਂ ਨੂੰ ਚੁੱਕ ਕੇ ਹਸਪਤਾਲ ਪੁਚਾਇਆ ਪਰ ਡਾਕਟਰਾਂ ਨੇ ਗਗਨਦੀਪ ਕੌਰ ਅਤੇ ਗੁਰਭੇਜ ਸਿੰਘ ਨੂੰ ਮਿਰਤਕ ਐਲਾਨ ਦਿੱਤਾ। ਪ੍ਰਭਜੀਤ ਕੌਰ ਦੇ ਵੀ ਸੱਟਾਂ ਲੱਗੀਆਂ ਹਨ। ਪ੍ਰਭਜੀਤ ਅਤੇ ਉਸ ਦੇ ਪਤੀ ਨੇ ਗੁਰਭੇਜ ਸਿੰਘ ਨੂੰ ਗੋਦ ਲੈ ਕੇ ਪਾਲਿਆ ਸੀ। ਬੱਚਾ ਸਕੂਲ ਵਿੱਚ ਪੜ੍ਹਦਾ ਸੀ।

ਉਸ ਨੇ ਫਸਟ ਕਲਾਸ ਵਿੱਚ ਹੋ ਜਾਣਾ ਸੀ। ਗਗਨਦੀਪ ਇੱਕ ਸਾਲ ਤੋਂ ਆਪਣੀ ਮਾਸੀ ਕੋਲ ਰਹਿ ਰਹੀ ਸੀ। ਉਸ ਦੀ ਸਿਲਾਈ ਦੀ ਕੋਚਿੰਗ ਪੂਰੀ ਹੋ ਗਈ ਸੀ। 5 ਤਾਰੀਖ਼ ਨੂੰ ਇਸ ਪਰਿਵਾਰ ਨੇ ਸ੍ਰੀ ਹਜ਼ੂਰ ਸਾਹਿਬ ਜਾਣਾ ਸੀ।
ਉੱਥੋਂ ਵਾਪਸ ਆ ਕੇ ਗਗਨਦੀਪ ਨੇ ਵਾਪਸ ਆਪਣੇ ਮਾਤਾ ਪਿਤਾ ਕੋਲ ਚਲੀ ਜਾਣਾ ਸੀ। ਪਰਿਵਾਰ ਦੀ ਹਾਲਤ ਦੇਖੀ ਨਹੀਂ ਜਾਂਦੀ। ਪੁਲਿਸ ਮਾਮਲਾ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।