ਸਿਆਣੇ ਕਹਿੰਦੇ ਹਨ, ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ। ਪਤਾ ਨਹੀਂ ਕਦੋਂ ਕਿਸਮਤ ਮਿਹਰਵਾਨ ਹੋ ਜਾਵੇ ਅਤੇ ਫਰਸ਼ ਤੋਂ ਆਦਮੀ ਅਰਸ਼ ਤੇ ਪਹੁੰਚ ਜਾਵੇ। ਜਦੋਂ ਕਿਸਮਤ ਚਮਕਦੀ ਹੈ ਤਾਂ ਘਰ ਖੁਸ਼ੀਆਂ ਨਾਲ ਭਰ ਜਾਂਦਾ ਹੈ। ਜੋ ਆਦਮੀ ਕਿਸੇ ਸਮੇਂ ਕਿਸਮਤ ਨੂੰ ਕੋਸਦਾ ਸੀ, ਫੇਰ ਉਸੇ ਆਦਮੀ ਦਾ ਦਿਲ ਉਡੂੰ ਉਡੂੰ ਕਰਨ ਲੱਗਦਾ ਹੈ।
ਦਿੱਲੀ ਦੇ ਇੱਕ ਵਿਅਕਤੀ ਬ੍ਰਿਜਪਾਲ ਸਿੰਘ ਨੂੰ ਨਾਗਾਲੈਂਡ ਸਟੇਟ ਲਾਟਰੀ ਦੇ ਹੋਲੀ ਬੰਪਰ ਡਰਾਅ ਦਾ ਪਹਿਲਾ ਇਨਾਮ ਨਿਕਲਿਆ ਹੈ। ਜਿਸ ਦੀ ਰਕਮ ਢਾਈ ਕਰੋੜ ਰੁਪਏ ਹੈ। ਬ੍ਰਿਜਪਾਲ ਸਿੰਘ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਹੌਜ਼ਰੀ ਵਿੱਚ ਕਟਰ ਮਾਸਟਰ ਵਜੋਂ ਕੰਮ ਕਰਦਾ ਹੈ। ਉਨ੍ਹਾਂ ਦੇ 2 ਪੁੱਤਰ ਹਨ। ਇਹ ਪਰਿਵਾਰ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ।
ਬ੍ਰਿਜਪਾਲ ਸਿੰਘ ਲੁਧਿਆਣਾ ਘੁੰਮਣ ਆਇਆ ਸੀ। ਇੱਥੇ ਉਸ ਨੇ ਗਾਂਧੀ ਬ੍ਰਦਰਜ਼ ਲਾਟਰੀ ਸਟਾਲ ਤੋਂ 500 ਰੁਪਏ ਦਾ ਨਾਗਾਲੈਂਡ ਸਟੇਟ ਲਾਟਰੀ ਹੋਲੀ ਬੰਪਰ ਦਾ ਟਿਕਟ ਖਰੀਦ ਲਿਆ। ਜਿਸ ਦਾ ਢਾਈ ਕਰੋੜ ਰੁਪਏ ਦਾ ਪਹਿਲਾ ਹੀ ਇਨਾਮ ਇਨ੍ਹਾਂ ਦਾ ਨਿਕਲ ਆਇਆ।
ਜਦੋਂ ਇਨ੍ਹਾਂ ਨੂੰ ਡਰਾਅ ਨਿਕਲਣ ਬਾਰੇ ਪਤਾ ਲੱਗਾ ਤਾਂ ਪਤੀ ਪਤਨੀ ਨੂੰ ਖੁਸ਼ੀ ਵਿੱਚ ਸਾਰੀ ਰਾਤ ਨੀਂਦ ਨਹੀਂ ਆਈ। ਉਹ ਖੁਸ਼ੀ ਵਿੱਚ ਗੱਲਾਂ ਹੀ ਕਰਦੇ ਰਹੇ। ਬ੍ਰਿਜਪਾਲ ਸਿੰਘ ਲੁਧਿਆਣਾ ਪਹੁੰਚੇ। ਲਾਟਰੀ ਵਿਕਰੇਤਾ ਨੂੰ ਵੀ ਖੁਸ਼ੀ ਹੈ ਕਿ ਲੋੜਵੰਦ ਪਰਿਵਾਰ ਦਾ ਇਨਾਮ ਨਿਕਲਿਆ ਹੈ।
ਬ੍ਰਿਜਪਾਲ ਸਿੰਘ ਦੇ ਪਰਿਵਾਰ ਵਿੱਚ ਵਿਆਹ ਵਰਗਾ ਖੁਸ਼ੀ ਦਾ ਮਾਹੌਲ ਹੈ। ਲੱਡੂ ਵੰਡੇ ਜਾ ਰਹੇ ਹਨ। ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ। ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ। ਬ੍ਰਿਜਪਾਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਆਪਣਾ ਮਕਾਨ ਬਣਾਉਣ ਦੇ ਚਾਹਵਾਨ ਹਨ। ਹੁਣ ਤੱਕ ਉਹ ਕਿਰਾਏ ਦੇ ਮਕਾਨ ਵਿੱਚ ਰਹੇ ਹਨ।
ਉਨ੍ਹਾਂ ਆਪਣੇ ਬੱਚਿਆਂ ਦੇ ਵਿਆਹ ਕਰਨੇ ਹਨ ਅਤੇ ਬੱਚਿਆਂ ਦੇ ਰੁਜ਼ਗਾਰ ਦਾ ਵੀ ਪ੍ਰਬੰਧ ਕਰਨਾ ਹੈ। ਇਸ ਲਾਟਰੀ ਦੇ ਇਨਾਮ ਨਾਲ ਉਹ ਆਪਣੇ ਸੁਪਨੇ ਸਾਕਾਰ ਕਰਨਾ ਚਾਹੁੰਦੇ ਹਨ।