1990 ਤੋਂ 2000 ਦੇ ਦਹਾਕੇ ਵਿੱਚ ਭਾਰਤ ਦੀਆਂ ਪ੍ਰਮੁੱਖ ਅਭਿਨੇਤਰੀਆਂ ਵਿੱਚ ਗਿਣੀ ਜਾਣ ਵਾਲੀ ਅਭਿਨੇਤਰੀ ਰੰਭਾ ਅੱਜਕੱਲ੍ਹ ਆਪਣੇ ਪਤੀ ਅਤੇ 3 ਬੱਚਿਆਂ ਸਮੇਤ ਕੈਨੇਡਾ ਦੇ ਟੋਰਾਂਟੋ ਵਿੱਚ ਰਹਿ ਰਹੀ ਹੈ। ਉਨ੍ਹਾਂ ਦੀਆਂ 2 ਧੀਆਂ ਅਤੇ ਇੱਕ ਪੁੱਤਰ ਹੈ। ਰੰਭਾ ਨੇ ਲਗਭਗ 2 ਦਹਾਕੇ ਆਪਣਾ ਫਿਲਮੀ ਸਫਰ ਜਾਰੀ ਰੱਖਿਆ।

ਰੰਭਾ ਦਾ ਜਨਮ 5 ਜੂਨ 1976 ਨੂੰ ਆਂਧਰਾ ਪ੍ਰਦੇਸ਼ ਦੇ ਸ਼ਹਿਰ ਵਿਜੇਵਾੜਾ ਵਿੱਚ ਹੋਇਆ। ਉਸ ਦਾ ਅਸਲ ਨਾਮ ਵਿਜੇ ਲਕਸ਼ਮੀ ਹੈ। ਵਿਜੇ ਲਕਸ਼ਮੀ ਨੇ ਆਪਣੀ ਸਕੂਲੀ ਪੜ੍ਹਾਈ ਵਿਜੇਵਾੜਾ ਦੇ ਹੀ ਸਕੂਲ ਵਿੱਚੋੰ ਕੀਤੀ। ਜਦੋਂ ਅਜੇ ਵਿਜੇ ਲਕਸ਼ਮੀ ਸੱਤਵੀਂ ਜਮਾਤ ਵਿੱਚ ਪੜ੍ਹਦੀ ਸੀ ਤਾਂ ਉਸ ਨੇ ਸਕੂਲ ਦੇ ਸਾਲਾਨਾ ਫੰਕਸ਼ਨ ਵਿੱਚ ਇੱਕ ਨਾਟਕ ਵਿੱਚ ਰੋਲ ਕੀਤਾ।

ਉਸ ਫੰਕਸ਼ਨ ਦੇ ਮੁੱਖ ਮਹਿਮਾਨ ਫਿਲਮ ਡਾਇਰੈਕਟਰ ਹਰੀਹਰਨ ਸਨ। ਉਨ੍ਹਾਂ ਨੇ ਵਿਜੇ ਲਕਸ਼ਮੀ ਦੇ ਅੰਦਰਲੀ ਕਲਾ ਨੂੰ ਪਛਾਣ ਲਿਆ। ਉਹ ਵਿਜੇ ਲਕਸ਼ਮੀ ਦੇ ਘਰ ਪਹੁੰਚ ਗਏ ਅਤੇ ਪਰਿਵਾਰ ਅੱਗੇ ਵਿਜੇ ਲਕਸ਼ਮੀ ਨੂੰ ਫਿਲਮ ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਵਿਜੇ ਲਕਸ਼ਮੀ ਨੂੰ ਹੋਰ ਕੀ ਚਾਹੀਦਾ ਸੀ।

ਉਸ ਨੇ 15 ਸਾਲ ਦੀ ਉਮਰ ਵਿੱਚ ਹੀ ਸੱਤਵੀਂ ਜਮਾਤ ਵਿੱਚੋਂ ਹੀ ਪੜ੍ਹਾਈ ਛੱਡ ਦਿੱਤੀ। ਵਿਜੇ ਲਕਸ਼ਮੀ ਨੂੰ ਮਲਿਆਲਮ ਫਿਲਮ ‘ਸਰਗਮ’ ਵਿੱਚ ਲਿਆ ਗਿਆ। ਜਦੋਂ 1992 ਵਿੱਚ ਇਹ ਫਿਲਮ ਆਈ ਤਾਂ ਫਿਲਮ ਹਿੱਟ ਹੋ ਗਈ। ਫਿਲਮ ਵਿੱਚ ਉਸ ਨੂੰ ਵਿਜੇ ਲਕਸ਼ਮੀ ਦੀ ਬਜਾਏ ‘ਅੰਮ੍ਰਿਤਾ’ ਦਰਸਾਇਆ ਗਿਆ ਸੀ।

ਫਿਰ ਫਿਲਮ ਡਾਇਰੈਕਟਰ ਈ ਵੀ ਵੀ ਸੱਤਿਆ ਨਰਾਇਣ ਨੇ ਉਸ ਨੂੰ ਤੇਲਗੂ ਫਿਲਮ ‘ਆ ਓਕਤੀ ਅਡੱਕੂ’ ਵਿੱਚ ਹੀਰੋ ਰਾਜੇੰਦਰ ਪ੍ਰਸਾਦ ਨਾਲ 1992 ਵਿੱਚ ਪੇਸ਼ ਕੀਤਾ। ਇਸ ਫਿਲਮ ਵਿੱਚ ਉਸ ਨੂੰ ਅੰਮ੍ਰਿਤਾ ਨਹੀਂ ਸਗੋਂ ‘ਰੰਭਾ’ ਨਾਮ ਦਿੱਤਾ ਗਿਆ। ਇਹ ਫਿਲਮ ਵੀ ਚੱਲ ਗਈ ਅਤੇ ਵਿਜੇ ਲਕਸ਼ਮੀ ਤੋਂ ਉਹ ‘ਰੰਭਾ’ ਦੇ ਨਾਮ ਨਾਲ ਜਾਣੀ ਜਾਣ ਲੱਗੀ।

ਫੇਰ ਰੰਭਾ ਨੇ ਤਾਮਿਲ ਫਿਲਮਾਂ ਦਾ ਰੁਖ ਕੀਤਾ। 1995 ਵਿੱਚ ਉਸ ਨੂੰ ਮਿਥੁਨ ਚੱਕਰਵਰਤੀ ਦੀ ਬਾਲੀਵੁੱਡ ਫਿਲਮ ‘ਜਲਾਦ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਦਿਵਿਆ ਭਾਰਤੀ ਦੇ 1993 ਵਿੱਚ ਅੱਖਾਂ ਮੀਟ ਜਾਣ ਕਾਰਨ ਉਸ ਦੀਆਂ ਸ਼ੂਟਿੰਗ ਤੋਂ ਅਧੂਰੀਆਂ ਪਈਆਂ ਕਈ ਫਿਲਮਾਂ ਰੰਭਾ ਨੂੰ ਮਿਲ ਗਈਆਂ।

ਰੰਭਾ ਨੇ ‘ਜੁਰਮਾਨਾ, ਜੰਗ, ਕਹਿਰ, ਘਰ ਵਾਲੀ ਬਾਹਰ ਵਾਲੀ, ਕਰੋਧ, ਕਿਉਂਕਿ ਮੈੰ ਝੂਠ ਨਹੀਂ ਬੋਲਤਾ, ਜੁੜਵਾ ਅਤੇ ਜਾਨੀ ਦੁਸ਼ਮਨ’ ਆਦਿ ਬਾਲੀਵੁੱਡ ਫਿਲਮਾਂ ਕੀਤੀਆਂ। ਉਸ ਨੇ ਗੋਵਿੰਦਾ, ਸਲਮਾਨ ਖਾਨ, ਅਕਸ਼ੇ ਕੁਮਾਰ, ਅਜੇ ਦੇਵਗਣ ਅਤੇ ਸੁਨੀਲ ਸ਼ੈਟੀ ਆਦਿ ਨਾਲ ਕੰਮ ਕੀਤਾ। ਕਿਹਾ ਜਾਂਦਾ ਹੈ ਕਿ ਰੰਭਾ ਨੇ ਜ਼ਿਆਦਾਤਰ ਗਲੈਮਰਸ ਭਰਭੂਰ ਕਿਰਦਾਰ ਕੀਤੇ ਹਨ।

ਉਸ ਨੇ 100 ਤੋਂ ਵੱਧ ਫਿਲਮਾਂ ਵਿੱਚ ਅਪਣੀ ਅਦਾਕਾਰੀ ਦੀ ਪੇਸ਼ਕਾਰੀ ਕੀਤੀ ਹੈ। ਜਿਨ੍ਹਾਂ ਵਿੱਚ ਤੇਲਗੂ, ਤਾਮਿਲ, ਮਲਿਆਲਮ, ਕੰਨੜ, ਹਿੰਦੀ, ਬੰਗਾਲੀ, ਭੋਜਪੁਰੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਫਿਲਮਾਂ ਹਨ। 2003 ਵਿੱਚ ਰੰਭਾ ਨੇ ਆਪਣੇ ਭਰਾ ਨਾਲ ਮਿਲ ਕੇ ਨਿਰਮਾਤਾ ਦੇ ਤੌਰ ਤੇ ਇੱਕ ਫਿਲਮ ‘ਥਰੀ ਰੋਜ਼ਜ਼’ ਦਾ ਨਿਰਮਾਣ ਕੀਤਾ।

ਜਿਸ ਵਿੱਚ ਜਯੋਤਿਕਾ, ਲੈਲਾ ਅਤੇ ਰੰਭਾ ਨੇ ਮੁੱਖ ਕਿਰਦਾਰ ਨਿਭਾਏ ਸਨ ਪਰ ਫਿਲਮ ਫਲਾਪ ਹੋ ਗਈ। ਰੰਭਾ ਨੇ ਇਸ ਫਿਲਮ ਦੇ ਨਿਰਮਾਣ ਲਈ ਫਾਈਨਾਂਸਰਾ ਤੋਂ ਵੱਡੀ ਰਕਮ ਕਰਜ਼ੇ ਵਜੋਂ ਲਈ ਸੀ ਅਤੇ ਆਪਣੇ ਬੰਗਲੇ ਦੇ ਕਾਗਜ਼ ਉਨ੍ਹਾਂ ਕੋਲ ਰੱਖੇ ਸਨ। ਫਿਲਮ ਫਲਾਪ ਹੋਣ ਕਾਰਨ ਇਨ੍ਹਾਂ ਦਾ ਬੰਗਲਾ ਵੀ ਵਿਕ ਗਿਆ ਅਤੇ ਅਦਾਲਤੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਿਆ।

8 ਅਪ੍ਰੈਲ 2010 ਨੂੰ ਰੰਭਾ ਨੇ ਕੈਨੇਡਾ ਅਧਾਰਿਤ ਸ੍ਰੀ ਲੰਕਾ ਦੇ ਤਾਮਿਲ ਵਪਾਰੀ ਇੰਦਰ ਕੁਮਾਰ ਪਥਮਨਾਥਨ ਨਾਲ ਵਿਆਹ ਕਰਵਾ ਲਿਆ। ਬਾਅਦ ਵਿੱਚ ਜਦੋਂ ਇਹ ਪਤਾ ਲੱਗਾ ਕਿ ਇੰਦਰ ਕੁਮਾਰ ਤਾਂ ਪਹਿਲਾਂ ਹੀ ਸ਼ਾਦੀਸ਼ੁਦਾ ਹੈ ਤਾਂ ਇਨ੍ਹਾਂ ਦੀ ਆਪਸ ਵਿੱਚ ਅਣਬਣ ਹੋ ਗਈ ਅਤੇ 2016 ਵਿੱਚ ਰੰਭਾ ਭਾਰਤ ਆ ਗਈ।

ਉਹ ਜ਼ੀ ਤੇਲਗੂ ਡਾਂਸ ਸ਼ੋਅ ਏਬੀਸੀਡੀ ਐਨੀ ਬਾਡੀ ਕੈਨ ਡਾਂਸ ਦੀ ਜੱਜ ਵਜੋਂ ਪੇਸ਼ ਹੋਈ ਅਤੇ ਵਿਜੇ ਟੀਵੀ ਤੇ ਕਮੇਡੀ ਜੂਨੀਅਰਜ਼ ਦੇ ਕਿੰਗਜ਼ ਦਾ ਫੈਸਲਾ ਕੀਤਾ। ਫੇਰ ਕਿਸੇ ਤਰਾਂ ਪਤੀ ਪਤਨੀ ਦਾ ਸਮਝੌਤਾ ਹੋ ਗਿਆ। ਅੱਜ ਇਹ ਪਰਿਵਾਰ ਟੋਰਾਂਟੋ ਵਿੱਚ ਰਹਿ ਰਿਹਾ ਹੈ।