ਸਾਡੇ ਮੁਲਕ ਦੇ ਹਾਲਾਤ ਕਿਸ ਪਾਸੇ ਨੂੰ ਜਾ ਰਹੇ ਹਨ। ਕਈ ਵਾਹਨ ਚਾਲਕ ਤਾਂ ਪੁਲਿਸ ਦੀ ਜਾਂ ਕਾਨੂੰਨ ਦੀ ਪ੍ਰਵਾਹ ਹੀ ਨਹੀਂ ਕਰਦੇ। ਟਰੈਫਿਕ ਪੁਲਿਸ ਮੁਤਾਬਕ ਅਮਲ ਪਦਾਰਥ ਦੀ ਵਰਤੋਂ ਕਰਕੇ ਵਾਹਨ ਚਲਾਉਣਾ ਠੀਕ ਨਹੀਂ। ਅਜਿਹੇ ਵਾਹਨ ਚਾਲਕਾਂ ਦਾ ਚਲਾਨ ਕੀਤਾ ਜਾਂਦਾ ਹੈ।
ਟਰੈਫਿਕ ਪੁਲਿਸ ਵੱਲੋਂ ਨਸੀਹਤ ਦਿੱਤੀ ਜਾਂਦੀ ਹੈ ਕਿ ਦਾਰੂ ਅਤੇ ਡਰਾਈਵਿੰਗ ਦਾ ਆਪਸ ਵਿੱਚ ਕੋਈ ਮੇਲ ਨਹੀਂ ਪਰ ਕਈ ਵਿਅਕਤੀ ਫੇਰ ਵੀ ਨਹੀਂ ਸਮਝਦੇ। ਬੇਗੋਵਾਲ ਦੇ ਨੇੜਲੇ ਪਿੰਡ ਕੂਕਾ ਵਿੱਚ ਇੱਕ ਨੌਜਵਾਨ ਦੁਆਰਾ ਇੰਨੀ ਤੇਜ਼ ਰਫਤਾਰ ਨਾਲ ਐਕਸ ਯੂ ਵੀ ਚਲਾਈ ਜਾ ਰਹੀ ਸੀ ਕਿ ਗੱਡੀ ਬੇਕਾਬੂ ਹੋ ਕੇ ਇੱਕ ਘਰ ਦੇ ਅੰਦਰ ਜਾ ਵੜੀ।
ਘਰ ਦੇ ਅੰਦਰ 6 ਸਾਲ ਦਾ ਇੱਕ ਬੱਚਾ ਖੇਡ ਰਿਹਾ ਸੀ। ਐਕਸ ਯੂ ਵੀ ਦੀ ਲਪੇਟ ਵਿੱਚ ਆਉਣ ਕਾਰਨ ਬੱਚੇ ਦੇ ਸੱਟਾਂ ਲੱਗੀਆਂ ਹਨ। ਉਸ ਦੀ ਹਾਲਤ ਠੀਕ ਨਹੀਂ ਹੈ। ਬੱਚਾ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਹੈ। ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਸਾਰਾ ਮਾਮਲਾ ਸੀਸੀਟੀਵੀ ਵਿੱਚ ਕੇੈਦ ਹੋ ਗਿਆ ਹੈ।
ਐਕਸ ਯੂ ਵੀ ਚਾਲਕ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਸੀਆਂ ਨੇ ਉਸ ਨੂੰ ਕਾਬੂ ਕਰ ਲਿਆ। ਪਤਾ ਲੱਗਾ ਹੈ ਕਿ ਇਹ ਨੌਜਵਾਨ ਕਿਸੇ ਪੁਲਿਸ ਮੁਲਾਜ਼ਮ ਦਾ ਪੁੱਤਰ ਹੈ ਅਤੇ ਗੱਡੀ ਵਿੱਚੋਂ ਪੁਲਿਸ ਦੀ ਵਰਦੀ ਮਿਲਣ ਦੀ ਵੀ ਗੱਲ ਆਖੀ ਜਾ ਰਹੀ ਹੈ। ਗੱਡੀ ਦੇ ਚਾਲਕ ਤੇ ਦਾਰੂ ਦੀ ਲੋਰ ਵਿੱਚ ਹੋਣ ਦੇ ਵੀ ਦੋਸ਼ ਲਗਾਏ ਜਾ ਰਹੇ ਹਨ।
ਕੁਝ ਦਿਨ ਪਹਿਲਾਂ ਨਾਭਾ ਦੇ ਬੌੜਾਂ ਗੇਟ ਸਥਿਤ ਇੱਕ ਟਰੱਕ ਹੇਠ ਆਉਣ ਨਾਲ ਇੱਕ ਬਜ਼ੁਰਗ ਸਾਈਕਲ ਸਵਾਰ ਦੀ ਜਾਨ ਚਲੀ ਗਈ ਸੀ। ਟਰੱਕ ਚਾਲਕ ਤੇ ਵੀ ਦਾਰੂ ਦੀ ਲੋਰ ਵਿੱਚ ਹੋਣ ਦੇ ਦੋਸ਼ ਲੱਗੇ ਸਨ।