ਸਾਡੇ ਸਮਾਜ ਲਈ ਦਾਜ ਇੱਕ ਲਾਹਨਤ ਹੈ। ਦਾਜ ਕਾਰਨ ਹੁਣ ਤੱਕ ਕਿੰਨੀਆਂ ਹੀ ਜਾਨਾਂ ਜਾ ਚੁੱਕੀਆਂ ਹਨ। ਦਾਜ ਮੰਗਣ ਵਾਲਿਆਂ ਤੇ ਕਾਨੂੰਨ ਮੁਤਾਬਕ ਕਾਰਵਾਈ ਵੀ ਕੀਤੀ ਜਾਂਦੀ ਹੈ। ਅੰਮਿ੍ਤਸਰ ਦੇ ਬਾਂਕੇ ਬਿਹਾਰੀ ਬਟਾਲਾ ਰੋਡ ਤੇ ਪੂਜਾ ਨਾਮ ਦੀ ਨਵ-ਵਿਆਹੁਤਾ ਦੀ ਉਸ ਦੇ ਸਹੁਰੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਲਟਕਦੀ ਹੋਈ ਮਿਰਤਕ ਦੇਹ ਬਰਾਮਦ ਹੋਈ ਹੈ।
ਮਿਰਤਕਾ ਦੇ ਪੇਕੇ ਪਰਿਵਾਰ ਵਾਲੇ ਦੋਸ਼ ਲਗਾ ਰਹੇ ਹਨ ਕਿ ਸਹੁਰੇ ਪਰਿਵਾਰ ਨੇ ਹੀ ਪੂਜਾ ਦੀ ਜਾਨ ਲਈ ਹੈ। ਉਹ 4 ਮਹੀਨੇ ਤੋਂ ਗਰਭਵਤੀ ਸੀ। ਪੇਕੇ ਪਰਿਵਾਰ ਮੁਤਾਬਕ ਪੂਜਾ ਨੇ ਰਾਤ ਨੂੰ 2 ਵਜੇ ਬਾਥਰੂਮ ਵਿੱਚ ਲੁਕ ਕੇ ਆਪਣੇ ਪੇਕੇ ਪਰਿਵਾਰ ਨੂੰ ਆਪਣੇ ਨਾਲ ਹੋਈ ਖਿੱਚਧੂਹ ਦੀ ਮੋਬਾਈਲ ਫੋਨ ਤੇ ਜਾਣਕਾਰੀ ਦਿੱਤੀ ਸੀ।
ਪੇਕੇ ਪਰਿਵਾਰ ਵਾਲੇ ਮੌਕੇ ਤੇ ਪਹੁੰਚੇ ਅਤੇ ਦੋਵੇਂ ਧਿਰਾਂ ਨੂੰ ਸਮਝਾ ਬੁਝਾ ਕੇ ਚਲੇ ਗਏ। ਅਗਲੇ ਦਿਨ ਇਹ ਘਟਨਾ ਵਾਪਰ ਗਈ। ਜਦੋਂ ਫੋਨ ਮਿਲਣ ਤੇ ਪੇਕੇ ਪਰਿਵਾਰ ਵਾਲੇ ਪਹੁੰਚੇ ਤਾਂ ਪੂਜਾ ਦੀ ਮਿਰਤਕ ਦੇਹ ਪੱਖੇ ਨਾਲ ਲਟਕ ਰਹੀ ਸੀ। ਉਸ ਸਮੇਂ ਪੂਜਾ ਦਾ ਪਤੀ ਘਰ ਨਹੀਂ ਸੀ ਪਰ ਪੂਜਾ ਦੇ ਸੱਸ-ਸਹੁਰਾ ਘਰ ਵਿੱਚ ਮੌਜੂਦ ਸਨ।
ਮਿਰਤਕਾ ਦੇ ਪੇਕੇ ਪਰਿਵਾਰ ਵਾਲੇ ਸਹੁਰਾ ਪਰਿਵਾਰ ਤੇ ਕਾਰ ਮੰਗਣ ਦੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਨੇ ਸਹੁਰਾ ਪਰਿਵਾਰ ਤੇ ਖਿੱਚ ਧੂਹ ਕਰਨ ਅਤੇ ਪੂਜਾ ਨੂੰ ਉਸ ਦੇ ਪੇਕੇ ਜਾਣ ਤੋਂ ਰੋਕਣ ਦੇ ਵੀ ਦੋਸ਼ ਲਗਾਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।