ਜਿਸ ਤਰਾਂ ਕਿਸੇ ਸਮੇਂ ਮੇਹਰ ਮਿੱਤਲ ਦਾ ਕਿਸੇ ਪੰਜਾਬੀ ਫਿਲਮ ਵਿੱਚ ਹੋਣਾ ਜ਼ਰੂਰੀ ਸਮਝਿਆ ਜਾਂਦਾ ਸੀ, ਉਸ ਤਰਾਂ ਹੀ ਜਸਵਿੰਦਰ ਸਿੰਘ ਭੱਲਾ ਬਿਨਾਂ ਵੀ ਪੰਜਾਬੀ ਫਿਲਮ ਅਧੂਰੀ ਜਾਪਦੀ ਹੈ। ਕਮੇਡੀ ਕਰਨ ਦਾ ਉਨ੍ਹਾਂ ਦਾ ਆਪਣਾ ਵੱਖਰਾ ਹੀ ਅੰਦਾਜ਼ ਹੈ। ਉਹ ਫਿਲਮਾਂ ਵਿੱਚ ਅਕਸਰ ਹੀ ਤਕੀਆ ਕਲਾਮ ਦੀ ਵਰਤੋਂ ਕਰਦੇ ਹਨ।

ਉਨ੍ਹਾਂ ਦੇ ਕਈ ਤਕੀਆ ਕਲਾਮ ਤਾਂ ਦਰਸ਼ਕਾਂ ਦੀ ਜ਼ੁਬਾਨ ਤੇ ਚੜ੍ਹ ਚੁੱਕੇ ਹਨ। ਜਿਵੇਂ ਮਾੜੀ ਸੋਚ ਤੇ ਪੈਰ ਦੀ ਮੋਚ ਬੰਦੇ ਨੂੰ ਅੱਗੇ ਵਧਣ ਨੀ ਦਿੰਦੇ। ਸਹੇਲੀ ਤੇ ਹਵੇਲੀ ਏਨੀ ਛੇਤੀ ਨੀ ਬਣਦੀ। ਜੁੱਤੀ ਤੰਗ ਜਵਾਈ ਨੰਗ, ਸਾਰੀ ਉਮਰ ਬੰਦੇ ਦੀ ਮੱਤ ਮਾਰ ਦਿੰਦੇ ਆ। ਸ਼ੀਸ਼ਾ ਤਿੜਕਿਆ ਤੇ ਗਿਆ, ਅਮਲੀ ਝਿੜਕਿਆ ਤੇ ਗਿਆ।

ਜਸਵਿੰਦਰ ਭੱਲਾ ਨੇ ‘ਛਣਕਾਟਾ’ ਵਿੱਚ ‘ਚਾਚਾ ਚਤਰਾ’ ਵਜੋਂ ਆਪਣੀ ਪਛਾਣ ਬਣਾਈ ਅਤੇ ਫੇਰ ਫਿਲਮਾਂ ਵਿੱਚ ਆ ਗਏ। ਪਹਿਲੀ ਵਾਰ ਉਹ ‘ਛਣਕਾਟਾ 1988’ ਦੇ ਜ਼ਰੀਏ ‘ਚਾਚਾ ਚਤਰ ਸਿੰਘ’ ਦੇ ਰੂਪ ਵਿੱਚ ਦਰਸ਼ਕਾਂ ਦੇ ਰੂਬਰੂ ਹੋਏ। 1989 ਤੋਂ ਬਿਨਾਂ ਹਰ ਸਾਲ ਉਹ ਲਗਾਤਾਰ ‘ਛਣਕਾਟਾ’ ਕੈਸੇਟ ਕੱਢਦੇ ਰਹੇ।

ਕਈ ਵਾਰ ਸਾਲ ਵਿੱਚ 2 ਕੈਸਟਾਂ ਵੀ ਆ ਜਾਂਦੀਆਂ। ਛਣਕਾਟਾ ਵਿੱਚ ਉਨ੍ਹਾਂ ਦੇ ਸਾਥੀ ਕਲਾਕਾਰਾਂ ਬਾਲ ਮੁਕੰਦ ਸ਼ਰਮਾ ਅਤੇ ਨੀਲੂ ਨੇ ਉਨ੍ਹਾਂ ਦਾ ਸਾਥ ਦਿੱਤਾ। 2006 ਵਿੱਚ ਉਨ੍ਹਾਂ ਨੇ 25ਵਾਂ ਛਣਕਾਟਾ ਪੇਸ਼ ਕੀਤਾ। 2002 ਵਿੱਚ ਛਣਕਾਟੇ ਦੀ ਆਡੀਓ ਦੇ ਨਾਲ ਨਾਲ ਵੀਡੀਓ ਕੈਸੇਟ ਵੀ ਆ ਗਈ। 1998 ਵਿੱਚ ਜਸਵਿੰਦਰ ਭੱਲਾ ਨੇ ਪੰਜਾਬੀ ਫਿਲਮ ‘ਦੁੱਲਾ ਭੱਟੀ’ ਰਾਹੀਂ ਫਿਲਮਾਂ ਵਿੱਚ ਪੈਰ ਧਰਾਵਾ ਕੀਤਾ।

ਬੱਸ ਫੇਰ ਤਾਂ ਉਨ੍ਹਾਂ ਨੂੰ ਲਗਾਤਾਰ ਫਿਲਮਾਂ ਮਿਲਣ ਲੱਗੀਆਂ। ਜੋ ਅੱਜ ਤੱਕ ਜਾਰੀ ਹੈ। ਜਸਵਿੰਦਰ ਭੱਲਾ ਜ਼ਿਲ੍ਹਾ ਲੁਧਿਆਣਾ ਦੇ ਦੋਰਾਹਾ ਨਾਲ ਸਬੰਧਿਤ ਹਨ। ਉਨ੍ਹਾਂ ਦ ਜਨਮ 4 ਮਈ 1960 ਨੂੰ ਪਿਤਾ ਬਹਾਦਰ ਸਿੰਘ ਭੱਲਾ ਦੇ ਘਰ ਹੋਇਆ। ਜੋ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਸਨ। ਜਸਵਿੰਦਰ ਭੱਲਾ ਨੇ ਆਪਣੀ ਸਕੂਲੀ ਸਿੱਖਿਆ ਦੋਰਾਹਾ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ।

ਜਸਵਿੰਦਰ ਭੱਲਾ ਅਤੇ ਉਨ੍ਹਾਂ ਦੇ 2 ਹੋਰ ਸਹਿਪਾਠੀਆਂ ਨੂੰ 1975 ਵਿੱਚ ਆਲ ਇੰਡੀਆ ਰੇਡੀਓ ਲਈ ਚੁਣ ਲਿਆ ਗਿਆ। ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬੀਐੱਸਸੀ ਖੇਤੀਬਾੜੀ (ਆਨਰਜ਼) ਐੱਮਐੱਸਸੀ (ਐਕਸਟੈੰਸ਼ਨ ਐਜੂਕੇਸ਼ਨ) ਦੀ ਡਿਗਰੀ ਲਈ। ਉਹ ਖੇਤੀਬਾੜੀ ਵਿਭਾਗ ਪੰਜਾਬ ਵਿੱਚ 5 ਸਾਲ AI/ADO ਰਹੇ।

ਸਾਲ 1989 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਐਕਸਟੈੰਸ਼ਨ ਐਜੂਕੇਸ਼ਨ ਵਿੱਚ ਸਹਾਇਕ ਪ੍ਰੋਫੈਸਰ ਲੱਗ ਗਏ। 2000 ਵਿੱਚ ਉਨ੍ਹਾਂ ਨੇ ਸੀਸੀਐੱਸਯੂ ਮੇਰਠ ਤੋਂ ਪੀਐੱਚਡੀ (ਐਗਰੀਕਲਚਰਲ ਐਕਸਟੈਂਸ਼ਨ) ਕੀਤੀ। ਜਸਵਿੰਦਰ ਭੱਲਾ ਦਾ ਵਿਆਹ ਇੱਕ ਅਧਿਆਪਕਾ ਪਰਮਿੰਦਰ ਭੱਲਾ ਨਾਲ ਹੋਇਆ। ਇਨ੍ਹਾਂ ਦਾ ਇੱਕ ਪੁੱਤਰ ਪੁਖਰਾਜ ਭੱਲਾ ਅਤੇ ਧੀ ਅਰਸ਼ਪ੍ਰੀਤ ਭੱਲਾ ਹੈ।

ਪੁਖਰਾਜ ਭੱਲਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜ੍ਹਾਈ ਕੀਤੀ ਹੈ। ਉਹ ਛਣਕਾਟਾ 2002 ਵਿੱਚ ਅਤੇ ਕਈ ਫਿਲਮਾਂ ਵਿੱਚ ਵੀ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ। ਅਰਸ਼ਪ੍ਰੀਤ ਭੱਲਾ ਦਾ ਵਿਆਹ ਨਾਰਵੇ ਵਿੱਚ ਹੋਇਆ ਹੈ। ਜਸਵਿੰਦਰ ਭੱਲਾ ਨੇ ਆਪਣੀ ਕਲਾਕਾਰੀ ਅਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਦੇ ਪ੍ਰੋਗਰਾਮਾਂ ਤੋਂ ਸ਼ੁਰੂ ਕੀਤੀ ਅਤੇ ਲਗਾਤਾਰ ਅੱਗੇ ਵਧਦੇ ਰਹੇ।

ਉਨ੍ਹਾਂ ਦੀਆਂ ਫਿਲਮਾਂ ਦੀ ਸੂਚੀ ਕਾਫੀ ਲੰਬੀ ਹੈ। 1998 ਵਿੱਚ ‘ਦੁੱਲਾ ਭੱਟੀ’ ਤੋਂ ਲੈ ਕੇ ਉਨ੍ਹਾਂ ਨੇ ਹੁਣ ਤੱਕ ‘ਮਾਹੌਲ ਠੀਕ ਹੈ, ਨਲਾਇਕ, ਜੀਜਾ ਜੀ, ਬਿੱਲੀਆਂ ਚ ਬਾਂਦਰ, ਬਾਬਲ ਦਾ ਵਿਹੜਾ, ਲਾਈਲੱਗ, ਚੱਕ ਦੇ ਫੱਟੇ, ਮੇਲ ਕਰਾ ਦੇ ਰੱਬਾ, ਜਿਹਨੇ ਮੇਰਾ ਦਿਲ ਲੁੱਟਿਆ, ਆਪਾਂ ਫੇਰ ਮਿਲਾਂਗੇ, ਕੈਰੀ ਆਨ ਜੱਟਾ, ਰੌਲਾ ਪੈ ਗਿਆ, ਪਾਵਰਕੱਟ, ਲੱਕੀ ਦੀ ਅਨਲੱਕੀ ਸਟੋਰੀ, ਰੰਗੀਲੇ, ਮਿਸਟਰ ਐਂਡ ਮਿਸੇਜ਼ 420, ਸਰਦਾਰ ਜੀ ਅਤੇ ਮੁੰਡੇ ਕਮਾਲ ਦੇ ਆਦਿ ਫਿਲਮਾਂ ਵਿੱਚ ਕੰਮ ਕੀਤਾ ਹੈ।

ਜੇਕਰ ਜਸਵਿੰਦਰ ਭੱਲਾ ਨੂੰ ਹੁਣ ਤੱਕ ਮਿਲਣ ਵਾਲੇ ਪੁਰਸਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਰਾਜ ਯੂਥ ਅਵਾਰਡ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ (1986-87) ਮਿਲਿਆ। ਜਿਸ ਵਿੱਚ 5000 ਰੁਪਏ ਨਕਦ, ਇੱਕ ਗੋਲਡ ਮੈਡਲ ਅਤੇ ਸਕੋਲ ਸਿਟਿੰਗ ਸ਼ਾਮਲ ਹੈ। ਮੁਹੰਮਦ ਰਫ਼ੀ ਸੁਸਾਇਟੀ (ਰਜਿਸਟਰਡ ਅੰਮਿ੍ਤਸਰ) ਵੱਲੋਂ ਪੰਜਾਬ ਦੇ ਬੈਸਟ ਕਮੇਡੀਅਨ ਵਜੋਂ ਮੁਹੰਮਦ ਰਫ਼ੀ ਅਵਾਰਡ (1990-91) ਦਿੱਤਾ ਗਿਆ।

ਜਿਸ ਵਿੱਚ 3000 ਰੁਪਏ ਨਕਦ ਅਤੇ ਇੱਕ ਯਾਦਾਸ਼ਤ ਸਕੋਲ ਸ਼ਾਮਲ ਹੈ। ਇੰਗਲੈਂਡ ਦੇ ਬਰਮਿੰਘਮ ਵਿੱਚ 1 ਜੂਨ 1991 ਨੂੰ ਬੈਸਟ ਕਮੇਡੀਅਨ ਅਵਾਰਡ (ਏਸ਼ੀਅਨ ਮੂਵੀ 1991) ਮਿਲਿਆ। ਉਨ੍ਹਾਂ ਨੂੰ ਪ੍ਰੋਫੈਸਰ ਮੋਹਨ ਸਿੰਘ ਮੇਲਾ ਲੁਧਿਆਣਾ ਵਿੱਚ ਗੁਰਨਾਮ ਸਿੰਘ ਤੀਰ ਹਾਸ ਵਿਅੰਗ ਪੁਰਸਕਾਰ 1996) ਮਿਲਿਆ।

ਪੰਜਾਬ ਬਾਲ ਅਤੇ ਸਾਹਿਤ ਕੇਂਦਰ ਫਗਵਾੜਾ ਵੱਲੋੰ ਸਾਲ 1998 ਲਈ ਉਨ੍ਹਾਂ ਨੂੰ ਬੈਸਟ ਕਮੇਡੀ ਕਲਾਕਾਰ ਦੇ ਤੌਰ ਤੇ ਸਨਮਾਨਿਆ ਗਿਆ। ਯੂਐੱਸਏ ਦੇ ਨਿਊਯਾਰਕ ਵਿੱਚ 1998 ਲਈ ਉੱਤਮ ਕਮੇਡੀਅਨ ਕਲਾਕਾਰ ਵਜੋਂ ਪੁਰਸਕਾਰ ਮਿਲਿਆ। ਪੰਜਾਬੀ ਰੋਜ਼ਾਨਾ ਅਖਬਾਰ ਅਜੀਤ ਜਲੰਧਰ ਨੇ ਵੀ ਜਸਵਿੰਦਰ ਭੱਲਾ ਨੂੰ ਸਾਲ 2000 ਲਈ ਬੈਸਟ ਕਮੇਡੀ ਕਲਾਕਾਰ ਦੇ ਤੌਰ ਤੇ ਪੁਰਸਕਾਰ ਦਿੱਤਾ।

‘ਮਾਹੌਲ ਠੀਕ ਹੈ’ ਫਿਲਮ ਵਿੱਚ ਨਿਭਾਏ ਕਿਰਦਾਰ ਲਈ ਉਨ੍ਹਾਂ ਨੂੰ ਸਾਲ 1998 ਲਈ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। 2011 ਲਈ ਉਨ੍ਹਾਂ ਨੂੰ ਫਿਲਮ ‘ਜਿਹਨੇ ਮੇਰਾ ਦਿਲ ਲੁੱਟਿਆ’ ਲਈ ਵਧੀਆ ਕਮੇਡੀ ਕਲਾਕਾਰ ਦਾ ਅਵਾਰਡ ਮਿਲਿਆ। ਸਾਲ 2012-13 ਲਈ ਪੀਟੀਸੀ ਪੰਜਾਬੀ ਨੇ ਵਧੀਆ ਕਮੇਡੀਅਨ ਵਜੋਂ ਫਿਲਮ ਫੇਅਰ ਅਵਾਰਡ ਦਿੱਤਾ, ਫਿਲਮ ‘ਕੈਰੀ ਆਨ ਜੱਟਾ’ ਲਈ।

ਉਨ੍ਹਾ ਨੂੰ ਫਿਲਮ ‘ਜੱਟ ਐਂਡ ਜੂਲੀਅਟ’ ਵਿੱਚ ਵਧੀਆ ਸਹਾਇਕ ਕਿਰਦਾਰ ਨਿਭਾਉਣ ਲਈ 2012-13 ਲਈ ਅਵਾਰਡ ਮਿਲਿਆ। ਪੀਟੀਸੀ ਪੰਜਾਬੀ ਨੇ ਉਨ੍ਹਾਂ ਨੂੰ ‘ਡੈਡੀ ਕੂਲ ਮੁੰਡੇ ਫੂਲ’ ਵਿੱਚ ਵਧੀਆ ਕਮੇਡੀ ਕਰਨ ਕਰਕੇ ਸਾਲ 2014 ਲਈ ਅਵਾਰਡ ਨਾਲ ਸਨਮਾਨਿਤ ਕੀਤਾ। ਇਸ ਤੋਂ ਬਿਨਾਂ ਉਨ੍ਹਾਂ ਨੂੰ ਹੋਰ ਵੀ ਕਈ ਪੁਰਸਕਾਰ ਮਿਲ ਚੁੱਕੇ ਹਨ।