ਵਾਹਨਾਂ ਦੀ ਤੇਜ਼ ਰਫਤਾਰੀ ਅਕਸਰ ਹੀ ਹਾਦਸੇ ਦਾ ਕਾਰਨ ਬਣਦੀ ਹੈ। ਤੇਜ਼ ਰਫ਼ਤਾਰ ਵਾਹਨ ਦਾ ਜਦੋਂ ਸੰਤੁਲਨ ਠੀਕ ਨਹੀਂ ਰਹਿੰਦਾ ਤਾਂ ਵਾਹਨ ਬੇਕਾਬੂ ਹੋ ਕੇ ਕਿਧਰੇ ਨਾ ਕਿਧਰੇ ਟਕਰਾਅ ਸਕਦਾ ਹੈ। ਟਰੈਫਿਕ ਪੁਲਿਸ ਦੁਆਰਾ ਵਾਹਨ ਚਾਲਕਾਂ ਨੂੰ ਸੀਮਤ ਰਫਤਾਰ ਵਿੱਚ ਗੱਡੀ ਚਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਸ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਂਦੇ ਹਨ। ਇਸ ਦੇ ਬਾਵਜੂਦ ਵੀ ਕਈ ਵਾਹਨ ਚਾਲਕ ਪ੍ਰਵਾਹ ਨਹੀਂ ਕਰਦੇ। ਫਿਰੋਜ਼ਪੁਰ ਵਿਖੇ ਟਰੈਕਟਰ ਟਰਾਲੀ ਦੀ ਲਪੇਟ ਵਿੱਚ ਆ ਜਾਣ ਕਾਰਨ ਇੱਕ ਨੌਜਵਾਨ ਨੂੰ ਜਾਨ ਤੋਂ ਹੱਥ ਧੋਣੇ ਪੈ ਗਏ। ਨੌਜਵਾਨ ਦੀ ਉਮਰ 21 ਸਾਲ ਸੀ। ਇਹ ਹਾਦਸਾ ਕੈਨਾਲ ਕਲੋਨੀ ਦੇ ਸੰਗਲਾਂ ਵਾਲੇ ਚੌਕ ਵਿੱਚ ਵਾਪਰਿਆ ਹੈ।
ਇਹ ਨੌਜਵਾਨ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਨੂੰ ਵਾਪਸ ਆ ਰਿਹਾ ਸੀ। ਜਦੋਂ ਉਹ ਸੰਗਲਾਂ ਵਾਲੇ ਚੌਕ ਵਿੱਚ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਇੱਕ ਟਰੈਕਟਰ ਟਰਾਲੀ ਨਾਲ ਉਸ ਦੀ ਟੱਕਰ ਹੋ ਗਈ। ਜਿਸ ਕਰਕੇ ਮੋਟਰਸਾਈਕਲ ਸਵਾਰ ਨੌਜਵਾਨ ਮੌਕੇ ਤੇ ਹੀ ਅੱਖਾਂ ਮੀਟ ਗਿਆ। ਮਿਰਤਕ ਦੇ ਪਰਿਵਾਰ ਦੀ ਹਾਲਤ ਦੇਖੀ ਨਹੀਂ ਜਾਂਦੀ।
ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਟਰੈਕਟਰ ਟਰਾਲੀ ਆਪਣੇ ਕਬਜ਼ੇ ਵਿੱਚ ਲੈ ਲਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਰਤਕ ਦੇ ਪਰਿਵਾਰ ਦੀ ਦਲੀਲ ਹੈ ਕਿ ਟਰੈਕਟਰ ਟਰਾਲੀ ਵਾਲੇ ਦੀ ਲਾਪਰਵਾਹੀ ਕਾਰਨ ਹਾਦਸਾ ਹੋਇਆ ਹੈ। ਇਸ ਲਈ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ।