ਵਾਹਨ ਚਾਲਕ ਦੁਆਰਾ ਦਿਖਾਈ ਗਈ ਜਰਾ ਜਿੰਨੀ ਵੀ ਲਾਪਰਵਾਹੀ ਕਿਸੇ ਵੱਡੇ ਹਾਦਸੇ ਨੂੰ ਜਨਮ ਦੇ ਸਕਦੀ ਹੈ। ਕਈ ਵਾਰ ਤਾਂ ਇਨ੍ਹਾਂ ਹਾਦਸਿਆਂ ਕਾਰਨ ਪੈਣ ਵਾਲੇ ਘਾਟੇ ਦੀ ਮੁੜ ਭਰਪਾਈ ਨਹੀਂ ਹੋ ਸਕਦੀ। ਉੱਤਰ ਪ੍ਰਦੇਸ਼ ਵਿੱਚ ਵਾਪਰੇ ਇੱਕ ਹਾਦਸੇ ਦੌਰਾਨ 3 ਜਾਨਾਂ ਚਲੀਆਂ ਗਈਆਂ ਅਤੇ 5 ਜੀਆਂ ਦੇ ਸੱਟਾਂ ਲੱਗਣ ਕਾਰਨ ਉਨ੍ਹਾਂ ਨੂੰ ਹਸਪਤਾਲ ਪੁਚਾਉਣਾ ਪਿਆ।
ਇਹ ਹਾਦਸਾ ਕਾਨਪੁਰ ਦੇ ਘਾਟਮਪੁਰ ਵਿੱਚ ਪੈਂਦੇ ਦੇਵਨਪੁਰ ਮੋੜ ਦੇ ਨੇੜੇ ਵਾਪਰਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇੱਕ ਪਿੱਕ ਅੱਪ ਜਲੋਨ ਤੋਂ ਫਤਿਹਪੁਰ ਜਾ ਰਹੀ ਸੀ। ਜਦੋਂ ਇਹ ਪਿੱਕ ਅੱਪ ਮੁਗਲਪੁਰ ਰੋਡ ਤੇ ਦੇਵਨਪੁਰ ਮੋੜ ਨੇੜੇ ਪਹੁੰਚੀ ਤਾਂ ਪਿੱਕ ਅੱਪ ਚਾਲਕ ਨੂੰ ਨੀਂਦ ਦੀ ਝਪਕੀ ਲੱਗ ਜਾਣ ਕਾਰਨ ਪਿੱਕ ਅੱਪ ਬੇਕਾਬੂ ਹੋ ਕੇ ਇੱਕ ਦਰੱਖ਼ਤ ਨਾਲ ਜਾ ਵੱਜੀ ਅਤੇ ਫੇਰ ਖਾਈ ਵਿੱਚ ਜਾ ਕੇ ਪਲਟ ਗਈ।
ਪਿੱਕ ਅੱਪ ਦੇ ਪਿੱਛੇ ਬਾਈਕ ਸਵਾਰ ਆ ਰਹੇ ਸਨ। ਉਨ੍ਹਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਜਦੋਂ ਪੁਲਿਸ ਮੌਕੇ ਤੇ ਪੁੱਜੀ ਤਾਂ 3 ਜੀਆਂ ਦੀ ਜਾਨ ਜਾ ਚੁੱਕੀ ਸੀ। ਜਿਨ੍ਹਾਂ ਵਿੱਚ ਪਿੱਕ ਅੱਪ ਮਾਲਕ ਗੁੱਡੂ ਅਤੇ 28 ਸਾਲਾ ਆਰਿਫ ਸ਼ਾਮਲ ਹਨ। ਜਿਨ੍ਹਾਂ ਦੇ ਸੱਟਾਂ ਲੱਗੀਆਂ ਹਨ, ਉਨ੍ਹਾਂ ਵਿੱਚ ਔਰਤ ਸਨ੍ਹਾ, ਉਸ ਦਾ 5 ਮਹੀਨੇ ਦਾ ਪੁੱਤਰ ਅਨਮ, ਸਨ੍ਹਾ ਦੀ ਭੈਣ ਰੂਬੀ,12 ਸਾਲਾ ਇਰਫਾਨ ਅਤੇ 14 ਸਾਲਾ ਲਵ ਕੁਸ਼ ਦੇ ਨਾਮ ਸ਼ਾਮਲ ਹਨ।
ਇਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਐੰਬੂਲੈੰਸ ਰਾਹੀਂ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਦੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਹਨ। ਮਿਰਤਕ ਦੇਹਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਬਣਦੀ ਕਾਰਵਾਈ ਅਮਲ ਵਿੱਚ ਲਿਆ ਰਹੀ ਹੈ। ਮਿਰਤਕਾਂ ਦੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਹੈ।