ਮਾਂ ਪੁੱਤਰ ਦਾ ਰਿਸ਼ਤਾ, ਇੱਕ ਬਹੁਤ ਹੀ ਪਵਿੱਤਰ ਅਤੇ ਗੂੜ੍ਹਾ ਰਿਸ਼ਤਾ ਹੈ। ਇਸ ਰਿਸ਼ਤੇ ਦੀ ਕਿਸੇ ਹੋਰ ਰਿਸ਼ਤੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਪਰ ਅੱਜ ਦੀ ਦੌੜ ਭੱਜ ਵਾਲੀ ਜ਼ਿੰਦਗੀ ਵਿੱਚ ਸਭ ਰਿਸ਼ਤੇ ਫਿੱਕੇ ਪੈਂਦੇ ਜਾ ਰਹੇ ਹਨ। ਵਿਗਿਆਨ ਦੁਆਰਾ ਸਾਨੂੰ ਮੁਹੱਈਆ ਕਰਵਾਏ ਗਏ ਸਾਧਨਾਂ ਨੇ ਸਾਨੂੰ ਇੱਕ ਦੂਜੇ ਤੋਂ ਬਹੁਤ ਦੂਰ ਕਰ ਦਿੱਤਾ ਹੈ।
ਇਨ੍ਹਾਂ ਵਿੱਚੋਂ ਇੱਕ ਸਾਧਨ ਹੈ ਮੋਬਾਈਲ। ਪਟਿਆਲਾ ਦੇ ਥਾਣਾ ਤ੍ਰਿਪੜੀ ਇਲਾਕੇ ਵਿੱਚ ਪੈਂਦੇ ਅਨੰਦ ਨਗਰ ਵਿੱਚ 23 ਸਾਲਾ ਪੁੱਤਰ ਗੋਬਿੰਦ ਨੇ ਆਪਣੀ ਮਾਂ ਰੇਖਾ ਰਾਣੀ ਦੀ ਇਸ ਕਰਕੇ ਜਾਨ ਲੈ ਲਈ ਕਿਉਂਕਿ ਉਹ ਆਪਣੇ ਪੁੱਤਰ ਨੂੰ ਮੋਬਾਈਲ ਚਲਾਉਣ ਤੋਂ ਰੋਕਦੀ ਸੀ। ਜਿਸ ਕਰਕੇ ਮਾਂ ਪੁੱਤਰ ਵਿਚਕਾਰ ਤੂੰ ਤੂੰ ਮੈੰ ਮੈਂ ਹੋ ਗਈ।
ਇਹ ਘਟਨਾ ਬੁੱਧਵਾਰ ਦੀ ਹੈ। ਪੁੱਤਰ ਗੋਬਿੰਦ ਰਾਤ ਨੂੰ ਮੋਬਾਈਲ ਚਲਾਉਂਦਾ ਰਿਹਾ ਤਾਂ ਮਾਂ ਰੇਖਾ ਰਾਣੀ ਨੇ ਪੁੱਤਰ ਨੂੰ ਤੜਕੇ 3 ਵਜੇ ਮੋਬਾਈਲ ਚਲਾਉਣ ਤੋਂ ਰੋਕਿਆ ਪਰ ਪੁੱਤਰ ਨੇ ਉਸੇ ਸਮੇਂ ਮਾਂ ਨੂੰ ਛੱਤ ਤੋਂ ਧੱਕਾ ਦੇ ਦਿੱਤਾ। ਜਿਸ ਨਾਲ ਮਾਂ ਦੀ ਜਾਨ ਚਲੀ ਗਈ। ਇਹ ਪਰਿਵਾਰ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ 5 ਸਾਲ ਤੋਂ ਗੋਬਿੰਦ ਮਾਨਸਿਕ ਤੌਰ ਤੇ ਠੀਕ ਨਹੀਂ ਸੀ।
ਇਸੇ ਵਜਾ ਕਾਰਨ ਉਸ ਨੇ ਆਪਣੀ ਮਾਂ ਦੀ ਗੱਲ ਬਰਦਾਸ਼ਤ ਨਹੀਂ ਕੀਤੀ ਅਤੇ ਉਸ ਨੂੰ ਛੱਤ ਤੋਂ ਧੱਕਾ ਦੇ ਦਿੱਤਾ। ਤ੍ਰਿਪੜੀ ਪੁਲਿਸ ਨੇ ਮਾਮਲਾ ਦਰਜ ਕਰਕੇ ਗੋਬਿੰਦ ਨੂੰ ਕਾਬੂ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।