ਕਈ ਵਾਰ ਪਰਿਵਾਰ ਵਿੱਚ ਰੋਜ਼ ਰੋਜ਼ ਦੀ ਨੁਕਤਾਚੀਨੀ ਕਿਸੇ ਵੱਡੀ ਘਟਨਾ ਦਾ ਕਾਰਨ ਬਣ ਜਾਂਦੀ ਹੈ। ਬਾਅਦ ਵਿੱਚ ਤਾਂ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ। ਅਜਨਾਲਾ ਦੇ ਪਿੰਡ ਸਹਿੰਸਰਾ ਵਿੱਚ ਸੱਸ ਅਮਰਜੀਤ ਕੌਰ ਅਤੇ ਨੂੰਹ ਨਰਿੰਦਰਜੀਤ ਕੌਰ ਦੀ ਆਪਸੀ ਖਿੱਚੋਤਾਣ ਦੇ ਚਲਦੇ ਨੂੰਹ ਨੇ ਆਪਣੀ ਸੱਸ ਦੀ ਜਾਨ ਲੈ ਲਈ ਹੈ।
ਜਦੋਂ ਨੂੰਹ ਸੱਸ ਦੋਵੇਂ ਹੀ ਘਰ ਸਨ ਤਾਂ ਨੂੰਹ ਨਰਿੰਦਰਜੀਤ ਕੌਰ ਨੇ ਪਹਿਲਾਂ ਆਪਣੀ ਸੱਸ ਅਮਰਜੀਤ ਕੌਰ ਦੇ ਸਿਰ ਵਿੱਚ ਬਾਲੇ ਨਾਲ ਵਾਰ ਕੀਤਾ। ਫੇਰ ਤਿੱਖੀ ਚੀਜ਼ ਨਾਲ ਗਰਦਨ ਤੇ ਵਾਰ ਕੀਤੇ। ਇੰਨਾ ਹੀ ਨਹੀਂ ਫੇਰ ਨਰਿੰਦਰਜੀਤ ਕੌਰ ਨੇ ਆਪਣੀ ਸੱਸ ਨੂੰ ਪ੍ਰੈੱਸ ਵਾਲੀ ਤਾਰ ਨਾਲ ਕਰੰਟ ਵੀ ਲਗਾਇਆ ਤਾਂ ਕਿ ਇਹ ਜਾਪੇ ਕਿ ਕਰੰਟ ਲੱਗਣ ਕਾਰਨ ਜਾਨ ਗਈ ਹੈ।

ਜਦੋਂ ਮਿਰਤਕਾ ਦੇ ਭਰਾ ਮਹਿੰਦਰ ਸਿੰਘ ਨੇ ਮਿਰਤਕਾ ਦੇ ਸਿਰ ਅਤੇ ਗਰਦਨ ਤੇ ਸੱਟਾਂ ਦੇ ਡੂੰਘੇ ਨਿਸ਼ਾਨ ਦੇਖੇ ਤਾਂ ਉਸ ਨੂੰ ਸ਼ੱਕ ਹੋਇਆ। ਉਸ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ। ਪੁਲਿਸ ਦੀ ਪੁੱਛਗਿੱਛ ਵਿੱਚ ਨੂੰਹ ਨੇ ਸਵੀਕਾਰ ਕਰ ਲਿਆ ਕਿ ਉਸ ਨੇ ਹੀ ਆਪਣੀ ਸੱਸ ਦੀ ਜਾਨ ਲਈ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਨਰਿੰਦਰਜੀਤ ਕੌਰ ਦਾ 15 ਸਾਲ ਪਹਿਲਾਂ ਸੁਰਜੀਤ ਸਿੰਘ ਨਾਲ ਵਿਆਹ ਹੋਇਆ ਸੀ। ਉਹ ਆਪਣੇ ਪਤੀ ਦੇ ਮੁਕਾਬਲੇ ਘੱਟ ਸੋਹਣੀ ਹੋਣ ਕਾਰਨ ਉਸ ਦੀ ਸੱਸ ਅਮਰਜੀਤ ਕੌਰ ਉਸ ਨੂੰ ਤਾਅਨੇ ਦਿੰਦੀ ਰਹਿੰਦੀ ਸੀ।
ਅਮਰਜੀਤ ਕੌਰ ਨੇ ਆਪਣੇ ਦੋਵੇਂ ਪੁੱਤਰਾਂ ਸੁਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ 2-2 ਕਿਲੇ ਜ਼ਮੀਨ ਦਿੱਤੀ ਹੋਈ ਸੀ ਅਤੇ 2 ਕਿਲੇ ਜ਼ਮੀਨ ਖੁਦ ਰੱਖੀ ਹੋਈ ਸੀ। ਨਰਿੰਦਰਜੀਤ ਸੋਚਦੀ ਸੀ ਕਿ ਹੋ ਸਕਦਾ ਹੈ, ਉਸ ਦੀ ਸੱਸ ਆਪਣੇ ਵਾਲੇ 2 ਕਿਲੇ ਵੀ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਦੇ ਦੇਵੇ।
ਜਿਸ ਕਰਕੇ ਉਸ ਨੇ 25 ਫਰਵਰੀ ਨੂੰ ਮੌਕਾ ਦੇਖ ਕੇ ਇਹ ਚੰਦ ਚਾੜ੍ਹ ਦਿੱਤਾ ਅਤੇ ਰੌਲਾ ਪਾ ਦਿੱਤਾ ਕਿ ਉਸ ਦੀ ਸੱਸ ਦੇ ਕਰੰਟ ਲੱਗ ਗਿਆ ਹੈ ਪਰ ਪੁਲਿਸ ਦੀ ਜਾਂਚ ਨੇ ਸਭ ਸਾਹਮਣੇ ਲਿਆ ਦਿੱਤਾ। ਪੁਲਿਸ ਨੇ 38 ਸਾਲਾ ਨਰਿੰਦਰਜੀਤ ਕੌਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਘਟਨਾ ਦੌਰਾਨ ਵਰਤਿਆ ਗਿਆ ਬਾਲਾ ਵੀ ਬਰਾਮਦ ਕਰ ਲਿਆ ਗਿਆ ਹੈ।