ਗਲਤ ਸਬੰਧਾਂ ਕਾਰਨ ਗ੍ਰਹਿਸਥੀ ਜੀਵਨ ਵਿੱਚ ਕੜਵਾਹਟ ਆਉਣੀ ਕੁਦਰਤੀ ਹੈ। ਕਈ ਵਾਰ ਤਾਂ ਮਾਮਲਾ ਕਿਸੇ ਦੀ ਜਾਨ ਲੈਣ ਤੱਕ ਵੀ ਪਹੁੰਚ ਜਾਂਦਾ ਹੈ। ਅਬੋਹਰ ਦੇ ਪਿੰਡ ਢਾਣੀ ਮਸੀਤ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਸ਼ਿਵਾ ਨੇ ਆਪਣੀ ਪਤਨੀ ਸ਼ਾਂਤੀ ਦੇਵੀ ਦੀ ਇਸ ਕਰਕੇ ਜਾਨ ਲੈ ਲਈ ਕਿਉਂਕਿ ਬੀਤੇ ਦਿਨੀਂ ਉਹ ਹਰਿਆਣਾ ਦੇ ਨੌਜਵਾਨ ਵਿਜੇ ਨਾਲ ਦੌੜ ਗਈ ਸੀ।

ਪਹਿਲਾਂ ਸ਼ਿਵਾ ਅਤੇ ਉਸ ਦੀ ਪਤਨੀ ਸ਼ਾਂਤੀ ਦੇਵੀ ਹਰਿਆਣਾ ਵਿੱਚ ਰਹਿੰਦੇ ਸਨ। ਜਿੱਥੇ ਸ਼ਾਂਤੀ ਦੇਵੀ ਦੇ ਵਿਜੇ ਨਾਲ ਸਬੰਧ ਬਣ ਗਏ ਅਤੇ ਉਹ 2 ਤਾਰੀਖ ਨੂੰ ਵਿਜੇ ਨਾਲ ਭੱਜ ਗਈ। ਸ਼ਾਂਤੀ ਨੂੰ ਵਾਪਸ ਲਿਆਂਦਾ ਗਿਆ ਅਤੇ ਇਹ ਪਰਿਵਾਰ ਢਾਣੀ ਮਸੀਤ ਵਿਖੇ ਆ ਗਿਆ।

ਸ਼ਿਵਾ ਨੇ ਆਪਣੀ ਪਤਨੀ ਸ਼ਾਂਤੀ ਨੂੰ ਸਮਝਾਇਆ ਕਿ ਉਹ ਪੁਰਾਣੀਆਂ ਗੱਲਾਂ ਨੂੰ ਭੁਲਾਕੇ ਉਸ ਨਾਲ ਰਹੇ ਪਰ ਸ਼ਾਂਤੀ ਨੇ ਆਪਣੇ ਪਤੀ ਸ਼ਿਵਾ ਨੂੰ ਸਪਸ਼ਟ ਆਖ ਦਿੱਤਾ ਕਿ ਉਹ ਆਪਣੇ ਪ੍ਰੇਮੀ ਵਿਜੇ ਕੋਲ ਜਾਣਾ ਚਾਹੁੰਦੀ ਹੈ। ਪਤਨੀ ਦਾ ਜਵਾਬ ਸੁਣ ਕੇ ਪਤੀ ਬੇਕਾਬੂ ਹੋ ਗਿਆ। ਉਸ ਨੇ ਦਾਰੂ ਪੀ ਕੇ ਲੋਰ ਵਿੱਚ ਤਿੱਖੀ ਚੀਜ਼ ਨਾਲ ਸ਼ਾਂਤੀ ਦੇਵੀ ਦੀ ਜਾਨ ਲੈ ਲਈ।

ਫੇਰ ਉਹ ਆਪ ਹੀ ਐੰਬੂਲੈੰਸ ਰਾਹੀਂ ਸ਼ਾਂਤੀ ਦੇਵੀ ਨੂੰ ਹਸਪਤਾਲ ਲੇੈ ਆਇਆ। ਡਾਕਟਰਾਂ ਨੇ ਉਸ ਨੂੰ ਮਿਰਤਕ ਐਲਾਨ ਦੇ ਹੋਏ ਮਿਰਤਕ ਦੇਹ ਨੂੰ ਹਸਪਤਾਲ ਵਿੱਚ ਰਖਵਾ ਦਿੱਤਾ ਅਤੇ ਪੁਲਿਸ ਨੇ ਸ਼ਿਵਾ ਨੂੰ ਕਾਬੂ ਕਰ ਲਿਆ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਸ਼ਿਵਾ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੈਨਪੁਰੀ ਦਾ ਰਹਿਣ ਵਾਲਾ ਹੈ। ਉਸ ਦਾ ਵਿਆਹ 17 ਸਾਲ ਪਹਿਲਾਂ ਸ਼ਾਂਤੀ ਦੇਵੀ ਨਾਲ ਹੋਇਆ ਸੀ। ਇਨ੍ਹਾਂ ਦੇ 4 ਬੱਚੇ ਹਨ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।