ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਤੇ ਰਾਤ ਸਮੇਂ ਵਾਪਰੀ ਘਟਨਾ ਨੂੰ ਪੁਲਿਸ ਨੇ 24 ਘੰਟੇ ਵਿੱਚ ਟਰੇਸ ਕਰ ਲਿਆ ਹੈ। ਇੱਥੇ ਇੱਕ ਨਿਹੰਗ ਸਿੰਘ ਦੀ ਜਾਨ ਲਏ ਜਾਣ ਦੀ ਘਟਨਾ ਨੇ ਹਰ ਪੰਜਾਬ ਵਾਸੀ ਨੂੰ ਹਲੂਣ ਕੇ ਰੱਖ ਦਿੱਤਾ ਹੈ। ਮਿਰਤਕ ਦੀ ਪਛਾਣ ਜ਼ਿਲ੍ਹਾ ਗੁਰਦਾਸਪੁਰ ਦੇ ਗਾਜ਼ੀਕੋਟ ਦੇ ਪਰਦੀਪ ਸਿੰਘ ਵਜੋਂ ਹੋਈ ਹੈ।

ਭਾਵੇਂ ਉਸ ਨੇ ਨਿਹੰਗ ਸਿੰਘਾਂ ਵਾਲਾ ਬਾਣਾ ਪਹਿਨਿਆ ਹੋਇਆ ਸੀ ਪਰ ਉਹ ਨਿਹੰਗ ਸਿੰਘ ਨਹੀਂ ਸੀ। ਉਸ ਦਾ ਕਿਸੇ ਵੀ ਨਿਹੰਗ ਜਥੇਬੰਦੀ ਨਾਲ ਸਬੰਧ ਹੋਣ ਬਾਰੇ ਪਤਾ ਨਹੀਂ ਲੱਗ ਸਕਿਆ। ਮਿਰਤਕ ਕੈਨੇਡਾ ਦਾ ਪੀ ਆਰ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਤੋਂ ਪੰਜਾਬ ਆਇਆ ਸੀ। ਉਹ ਇੱਥੇ ਟੈਟੂ ਬਣਾਉਣ ਦਾ ਕੰਮ ਸਿੱਖ ਰਿਹਾ ਸੀ।

ਉਸ ਦੀ ਭੈਣ ਵੀ ਕੈਨੇਡਾ ਵਿੱਚ ਹੈ। ਪੁਲਿਸ ਨੂੰ ਲਗਭਗ 10-30 ਵਜੇ ਘਟਨਾ ਦੀ ਇਤਲਾਹ ਮਿਲੀ। ਪਰਦੀਪ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮਿਰਤਕ ਐਲਾਨ ਦਿੱਤਾ। ਅਨੰਦਪੁਰ ਸਾਹਿਬ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਇਸ ਮਾਮਲੇ ਵਿੱਚ ਨੂਰਪੁਰ ਬੇਦੀ ਨੇੜਲੇ ਇੱਕ ਪਿੰਡ ਦੇ ਰਹਿਣ ਵਾਲੇ ਨਿਰੰਜਨ ਸਿੰਘ ਦੀ ਪਛਾਣ ਹੋ ਗਈ ਹੈ। ਪੁਲਿਸ ਉਸ ਦੇ ਸਾਥੀਆਂ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ। ਹੋਲੇ ਮਹੱਲੇ ਦੇ ਪ੍ਰਬੰਧਾਂ ਲਈ ਪੁਲਿਸ ਪ੍ਰਸ਼ਾਸ਼ਨ ਵੱਲੋਂ ਇਸ ਵਾਰ ਕਾਫੀ ਦੂਰ ਤੱਕ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਤਾਂ ਕਿ ਸਥਿਤੀ ਤੇ ਨਜ਼ਰ ਰੱਖੀ ਜਾ ਸਕੇ।

ਸੀਸੀਟੀਵੀ ਦੇ ਅਧਾਰ ਤੇ ਹੀ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਦੀ ਪਛਾਣ ਹੋ ਸਕੀ ਹੈ। ਪਿਛਲੇ ਸਾਲ ਫੋਰਸ ਦੀ ਗਿਣਤੀ 2400 ਸੀ, ਜੋ ਇਸ ਵਾਰ ਵਧਾ ਕੇ 3500 ਕਰ ਦਿੱਤੀ ਗਈ ਹੈ।