ਪੁਲਿਸ ਆਮ ਜਨਤਾ ਦੀ ਸੇਵਾ ਲਈ ਹੈ। ਜਨਤਾ ਦੀ ਸੇਵਾ ਕਰਨਾ ਪੁਲਿਸ ਦਾ ਫਰਜ਼ ਹੈ ਪਰ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਪੁਲਿਸ ਦੇ ਰਵੱਈਏ ਬਾਰੇ ਜਿਸ ਤਰਾਂ ਦੀਆਂ ਖਬਰਾਂ ਆ ਰਹੀਆਂ ਹਨ, ਉਨ੍ਹਾਂ ਨੂੰ ਦੇਖ ਕੇ ਹਰ ਬੰਦਾ ਸੋਚੀਂ ਪੈ ਜਾਂਦਾ ਹੈ। ਜੇਕਰ ਪੁਲਿਸ ਮੁਲਾਜ਼ਮ ਨੂੰ ਹੀ ਪੁਲਿਸ ਇਨਸਾਫ਼ ਨਾ ਦੇਵੇ ਤਾਂ ਜਨਤਾ ਵਿੱਚ ਕੀ ਸੰਦੇਸ਼ ਜਾਵੇਗਾ?

ਜੇਕਰ ਪੁਲਿਸ ਮੁਲਾਜ਼ਮ ਨੂੰ ਹੀ ਪੁਲਿਸ ਅਧਿਕਾਰੀਆਂ ਤੋਂ ਇਨਸਾਫ ਲੈਣ ਲਈ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਨੀ ਪਵੇ ਤਾਂ ਕੀ ਆਮ ਜਨਤਾ ਨੂੰ ਇਨਸਾਫ਼ ਮਿਲ ਸਕਦਾ ਹੈ? ਫਿਰੋਜ਼ਪੁਰ ਤੋਂ ਪੁਲਿਸ ਦੇ ਇੱਕ ਹੌਲਦਾਰ ਦੁਆਰਾ ਥਾਣਾ ਮੁਖੀ ਤੇ ਇਨਸਾਫ਼ ਨਾ ਦੇਣ ਅਤੇ ਇਨਸਾਫ਼ ਮੰਗਣ ਵਾਲੀ ਧਿਰ ਤੇ ਹੀ ਪਰਚਾ ਕਰ ਦੇਣ ਦਾ ਦਬਕਾ ਦੇਣ ਦੇ ਦੋਸ਼ ਲਗਾਏ ਜਾ ਰਹੇ ਹਨ।

ਮਾਮਲਾ ਕੁੜੀ ਦੀ ਮਰਜ਼ੀ ਤੋਂ ਬਿਨਾਂ ਉਸ ਦਾ ਵਿਆਹ ਕਰ ਦਿੱਤੇ ਜਾਣ ਨਾਲ ਜੁੜਿਆ ਹੋਇਆ ਹੈ। ਕੁੜੀ ਦੀ ਉਮਰ 15 ਸਾਲ ਦੱਸੀ ਜਾਂਦੀ ਹੈ। ਕਿਹਾ ਜਾ ਰਿਹਾ ਹੈ ਕਿ ਕੁੜੀ ਦੀ ਮਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਉਹ 3 ਭੈਣ ਭਰਾ ਹਨ। ਉਨ੍ਹਾਂ ਦਾ ਪਿਤਾ ਉਨ੍ਹਾਂ ਨੂੰ ਨਿੱਕੇ ਹੁੰਦੇ ਹੀ ਛੱਡ ਗਿਆ ਸੀ। ਜਿਸ ਕਰਕੇ ਉਹ ਆਪਣੇ ਨਾਨਕੇ ਰਹਿੰਦੇ ਸੀ।

ਉੱਥੇ ਉਨ੍ਹਾਂ ਦੇ ਨਾਨੇ ਕੋਲ ਕੋਈ ਔਰਤ ਆਉਂਦੀ ਸੀ। ਜੋ ਉਨ੍ਹਾਂ ਦੇ ਨਾਨੇ ਦੀ ਭੈਣ ਬਣੀ ਹੋਈ ਸੀ। ਇਹ ਔਰਤ 15 ਸਾਲਾ ਕੁੜੀ ਨੂੰ ਤਨਖਾਹ ਤੇ ਕੰਮ ਕਰਵਾਉਣ ਲਈ ਆਪਣੇ ਘਰ ਲੈ ਗਈ। ਮਹੀਨੇ ਦੇ ਵਿੱਚ ਹੀ ਲੜਕੀ ਦਾ ਧੱਕੇ ਨਾਲ ਗੁਰਦੁਆਰਾ ਸਾਹਿਬ ਵਿੱਚ ਵਿਆਹ ਕਰਕੇ ਉਸ ਨੂੰ ਹਰਿਆਣੇ ਭੇਜ ਦਿੱਤਾ ਗਿਆ।

ਲੜਕੀ ਦੇ ਰਿਸ਼ਤੇਦਾਰ ਪੁਲਿਸ ਮੁਲਾਜ਼ਮ ਨੇ ਕੈੰਪ ਵਿੱਚ ਪਹੁੰਚ ਕੇ ਥਾਣਾ ਮੁਖੀ ਤੇ ਕੋਈ ਕਾਰਵਾਈ ਨਾ ਕਰਨ ਅਤੇ ਇਸ ਪੁਲਿਸ ਮੁਲਾਜ਼ਮ ਤੇ ਹੀ ਪਰਚਾ ਦਰਜ ਕਰਨ ਦਾ ਦਬਕਾ ਦੇਣ ਦੇ ਦੋਸ਼ ਲਗਾਏ ਹਨ। ਇਹ ‘ਰਾਹਤ ਕੈੰਪ’ ਦਰਖਾਸਤਾਂ ਦਾ ਜਲਦੀ ਨਿਪਟਾਰਾ ਕਰਨ ਲਈ ਲਗਾਇਆ ਗਿਆ ਸੀ। ਉੱਚ ਅਧਿਕਾਰੀਆਂ ਨੇ ਇਨਸਾਫ਼ ਮੰਗ ਰਹੇ ਪੁਲਿਸ ਦੇ ਹੌਲਦਾਰ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ।