ਪੂਰੇ ਮਾਣ ਸਨਮਾਨ ਨਾਲ ਅਤੇ ਫੁੱਲਾਂ ਦੀ ਵਰਖਾ ਕਰਕੇ ਗ੍ਰੰਥੀ ਸਿੰਘ ਜੀ ਨੂੰ ਕੀਤਾ ਰਿਟਾਇਰਡ

ਗਰੰਥੀ ਸਿੰਘ ਨੂੰ ਗੁਰੂ ਘਰ ਦਾ ਵਜ਼ੀਰ ਮੰਨਿਆਂ ਜਾਂਦਾ ਹੈ। ਜਿੰਨੇ ਸੁਚੱਜੇ ਢੰਗ ਨਾਲ ਗਰੰਥੀ ਸਿੰਘ ਦੁਆਰਾ ਸੇਵਾ ਨਿਭਾਈ ਜਾਵੇਗੀ, ਉਨੀ ਹੀ ਗਰੰਥੀ ਸਿੰਘ ਦੀ ਸ਼ੋਭਾ ਹੋਵੇਗੀ। ਵਿਦਵਾਨ ਗਰੰਥੀ ਸਿੰਘ ਹੀ ਸੰਗਤ ਨੂੰ ਗੁਰਬਾਣੀ ਨਾਲ ਜੋੜ ਸਕਦੇ ਹਨ। ਗਰੰਥੀ ਸਿੰਘ ਪਾਰਟੀ ਬਾਜ਼ੀ ਤੋਂ ਦੂਰ ਰਹਿ ਕੇ ਸਾਰੀ ਸੰਗਤ ਨਾਲ ਮਿਲ ਕੇ ਚੱਲੇ।

ਇਸ ਦੇ ਨਾਲ ਹੀ ਸੰਗਤ ਅਤੇ ਗੁਰਦੁਆਰਾ ਕਮੇਟੀ ਦੇ ਵੀ ਗਰੰਥੀ ਸਿੰਘ ਪ੍ਰਤੀ ਕੁਝ ਫਰਜ਼ ਹਨ। ਅਸੀਂ ਦੇਖਦੇ ਹਾਂ ਕਿ ਗਰੰਥੀ ਸਿੰਘਾਂ ਦੀ ਤਨਖਾਹ ਬਹੁਤ ਥੋੜ੍ਹੀ ਹੁੰਦੀ ਹੈ। ਉਨ੍ਹਾਂ ਦੀ ਤਨਖਾਹ ਗੁਜ਼ਾਰੇ ਯੋਗ ਹੋਣੀ ਚਾਹੀਦੀ ਹੈ। ਗਰੰਥੀ ਸਿੰਘ ਦਾ ਬਣਦਾ ਮਾਣ ਸਤਿਕਾਰ ਵੀ ਹੋਣਾ ਚਾਹੀਦਾ ਹੈ। ਅੱਜਕੱਲ੍ਹ ਖੱਖ ਨਾਮ ਦੇ ਇੱਕ ਪਿੰਡ ਦੀ ਖੂਬ ਚਰਚਾ ਹੈ।

ਪਿੰਡ ਵਾਸੀਆਂ ਨੇ ਗਰੰਥੀ ਸਿੰਘ ਨੂੰ ਸੇਵਾ ਮੁਕਤ ਹੋਣ ਤੇ ਪੂਰੇ ਮਾਣ ਸਤਿਕਾਰ ਨਾਲ ਪਿੰਡ ਵਿੱਚੋਂ ਵਿਦਾ ਕੀਤਾ। ਪਿੰਡ ਵਾਸੀ ਗਰੰਥੀ ਸਿੰਘ ਨੂੰ ਓਪਨ ਜੀਪ ਵਿੱਚ ਬਿਠਾ ਕੇ ਫੁੱਲਾਂ ਦੇ ਹਾਰ ਪਹਿਨਾ ਕੇ ਉਨ੍ਹਾਂ ਦੇ ਘਰ ਛੱਡ ਕੇ ਆਏ। ਗਰੰਥੀ ਸਿੰਘ ਬਾਬਾ ਮਾਨ ਸਿੰਘ ਜੀ ਨੇ ਇਸ ਪਿੰਡ ਵਿੱਚ ਲਗਾਤਾਰ 45 ਸਾਲ ਗੁਰੂ ਘਰ ਦੀ ਸੇਵਾ ਕੀਤੀ।

ਉਨ੍ਹਾਂ ਦੀ ਉਮਰ 78 ਸਾਲ ਹੋ ਚੁੱਕੀ ਹੈ। ਹਾਦਸਾ ਹੋਣ ਕਾਰਨ ਉਨ੍ਹਾਂ ਦੇ ਮੋਢੇ ਤੇ ਸੱਟ ਲੱਗ ਗਈ ਅਤੇ ਉਹ ਇੱਕ ਬਾਂਹ ਉੱਪਰ ਚੁੱਕਣ ਦੇ ਯੋਗ ਨਹੀਂ ਰਹੇ। ਜਿਸ ਕਰਕੇ ਉਨ੍ਹਾਂ ਨੇ ਪਿੰਡ ਵਾਸੀਆਂ ਤੋਂ ਗੁਰੂ ਘਰ ਦੇ ਗਰੰਥੀ ਸਿੰਘ ਵਜੋਂ ਸੇਵਾ ਤੋਂ ਮੁਕਤੀ ਲੈ ਲਈ। ਪਿੰਡ ਵਾਸੀਆਂ ਨੇ ਗਰੰਥੀ ਸਿੰਘ ਨੂੰ ਲੱਗਭੱਗ ਡੇਢ ਲੱਖ ਰੁਪਏ, ਕੱਪੜੇ ਅਤੇ ਕੁਝ ਹੋਰ ਸਮਾਨ ਸਤਿਕਾਰ ਵਜੋਂ ਦਿੱਤੇ।

ਇਨ੍ਹਾਂ ਵਿੱਚੋਂ 50 ਹਜ਼ਾਰ ਰੁਪਏ ਤਾਂ ਪਿੰਡ ਦੇ ਇੱਕ ਐੱਨਆਰਆਈ ਵੱਲੋਂ ਹੀ ਦਿੱਤੇ ਗਏ ਹਨ। ਇਸ ਤੋਂ ਬਿਨਾਂ ਇਸ ਐੱਨਆਰਆਈ ਨੇ 2000 ਰੁਪਏ ਪ੍ਰਤੀ ਮਹੀਨਾ ਉਮਰ ਭਰ ਲਈ ਗਰੰਥੀ ਸਿੰਘ ਨੂੰ ਪੈਨਸ਼ਨ ਦੇ ਤੌਰ ਤੇ ਦੇਣ ਦਾ ਐਲਾਨ ਕੀਤਾ। ਇਸ ਤਰਾਂ ਪਿੰਡ ਵਾਸੀਆਂ ਨੇ ਹੋਰਾਂ ਲਈ ਵੀ ਇੱਕ ਮਿਸਾਲ ਪੇਸ਼ ਕੀਤੀ ਹੈ।

ਹਰ ਪਿੰਡ ਦੇ ਵਾਸੀਆਂ ਨੂੰ ਇਸ ਤਰਾਂ ਹੀ ਗਰੰਥੀ ਸਿੰਘ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਹਰ ਗਰੰਥੀ ਸਿੰਘ ਨੂੰ ਵੀ ਇਸ ਗਰੰਥੀ ਸਿੰਘ ਵਾਂਗ ਪਿੰਡ ਵਿੱਚ ਵਿਚਰਨਾ ਚਾਹੀਦਾ ਹੈ।

Leave a Reply

Your email address will not be published. Required fields are marked *