ਪ੍ਰਕਾਸ਼ ਰਾਜ ਦੀਆਂ ਪਰਿਵਾਰ ਨਾਲ ਖੂਬਸੂਰਤ ਤਸਵੀਰਾਂ

ਜਿਸ ਤਰਾਂ ਬਾਲੀਵੁੱਡ ਵਿੱਚ ਅਮਰੀਸ਼ ਪੁਰੀ ਨੇ ਖਲਨਾਇਕੀ ਦੇ ਖੇਤਰ ਵਿੱਚ ਆਪਣਾ ਵੱਖਰਾ ਸਥਾਨ ਬਣਾ ਲਿਆ ਸੀ, ਉਸੇ ਤਰਾਂ ਹੀ ਪ੍ਰਕਾਸ਼ ਰਾਜ ਵੀ ਆਪਣੀ ਵੱਖਰੀ ਪਛਾਣ ਰੱਖਦੇ ਹਨ। ਉਨ੍ਹਾਂ ਦੇ ਬਾਰੇ ਕੋਈ ਜ਼ਿਆਦਾ ਲੰਬੀ ਚੌੜੀ ਭੂਮਿਕਾ ਬੰਨ੍ਹਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦਾ ਸਿਰਫ ਨਾਮ ਹੀ ਕਾਫੀ ਹੈ। ਪ੍ਰਕਾਸ਼ ਰਾਜ ਨੂੰ ਅਭਿਨੇਤਾ, ਨਿਰਮਾਤਾ, ਨਿਰਦੇਸ਼ਕ ਅਤੇ ਸਿਆਸਤਦਾਨ ਵਜੋਂ ਜਾਣਿਆ ਜਾਂਦਾ ਹੈ।

ਪ੍ਰਕਾਸ਼ ਰਾਜ ਉਹ ਅਦਾਕਾਰ ਹਨ, ਜਿਨ੍ਹਾਂ ਨੇ ਰਜਨੀ ਕਾਂਤ ਅਤੇ ਕਮਲ ਹਸਨ ਤੋਂ ਬਾਅਦ ਦੱਖਣੀ ਭਾਰਤੀ ਫਿਲਮ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਪ੍ਰਕਾਸ਼ ਰਾਜ ਨੇ ਹੁਣ ਤੱਕ ਵੱਖ ਵੱਖ ਭਾਸ਼ਾਵਾਂ ਦੀਆਂ ਲਗਭਗ 200 ਫਿਲਮਾਂ ਵਿੱਚ ਕੰਮ ਕੀਤਾ ਹੈ। ਜਿਨ੍ਹਾਂ ਵਿੱਚ ਕੰਨੜ, ਤਾਮਿਲ, ਤੇਲਗੂ, ਮਰਾਠੀ, ਮਲਿਆਲਮ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਫਿਲਮਾਂ ਹਨ।

ਉਹ ਸਧਾਰਨ ਪਰਿਵਾਰ ਵਿੱਚ ਜਨਮ ਲੈ ਕੇ ਆਪਣੀ ਮਿਹਨਤ ਦੇ ਬਲਬੂਤੇ ਤੇ ਵਿਸ਼ੇਸ਼ ਮੁਕਾਮ ਤੇ ਪਹੁੰਚਣ ਵਿੱਚ ਸਫਲ ਹੋਏ ਹਨ। ਪ੍ਰਕਾਸ਼ ਰਾਜ ਦਾ ਜਨਮ 26 ਮਾਰਚ 1965 ਨੂੰ ਬੰਗਲੌਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਮੰਜੂ ਨਾਥ ਰਾਏ ਅਤੇ ਮਾਂ ਦਾ ਨਾਮ ਸਵਰਨਾਥਾ ਰਾਏ ਹੈ। ਮਾਤਾ ਪਿਤਾ ਨੇ ਆਪਣੇ ਪੁੱਤਰ ਦਾ ਨਾਮ ਪ੍ਰਕਾਸ਼ ਰਾਏ ਰੱਖਿਆ ਸੀ ਪਰ ਪ੍ਰਕਾਸ਼ ਰਾਏ ਨੇ ਤਾਮਿਲ ਡਾਇਰੈਕਟਰ ਬਾਲ ਚੰਦਰ ਦੇ ਕਹਿਣ ਤੇ ਆਪਣਾ ਨਾਮ ਪ੍ਰਕਾਸ਼ ਰਾਜ ਰੱਖ ਲਿਆ।

ਉਨ੍ਹਾਂ ਦਾ ਛੋਟਾ ਨਾਮ ਪ੍ਰਕਾਸ਼ ਹੈ। ਪ੍ਰਕਾਸ਼ ਰਾਜ ਨੇ ਆਪਣੀ ਸਕੂਲੀ ਪੜ੍ਹਾਈ ਬੰਗਲੌਰ ਦੇ ਸੇੰਟ ਜੋਸਫ ਸਕੂਲ ਤੋਂ ਕੀਤੀ ਅਤੇ ਫਿਰ ਗਰੈਜੂਏਸ਼ਨ ਦੀ ਡਿਗਰੀ ਸੇਂਟ ਜੋਸਫ ਕਾਲਜ ਬੰਗਲੌਰ ਤੋਂ ਲਈ। ਉਨ੍ਹਾਂ ਨੂੰ ਸਕੂਲ ਸਮੇਂ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਜਿਸ ਕਰਕੇ 14 ਸਾਲ ਦੀ ਉਮਰ ਵਿੱਚ ਹੀ 1979 ਵਿੱਚ ਉਨ੍ਹਾਂ ਨੇ ਟੀਵੀ ਸੀਰੀਅਲ ‘ਬਿਸੀਲੂ ਕੁੰਡਰੇ’ ਵਿੱਚ ਅਦਾਕਾਰੀ ਕੀਤੀ ਹਾਲਾਂਕਿ ਇਸ ਸੀਰੀਅਲ ਵਿੱਚ ਉਨ੍ਹਾਂ ਦਾ ਰੋਲ ਬਹੁਤ ਛੋਟਾ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ 1990 ਵਿੱਚ ਇੱਕ ਹੋਰ ਟੀਵੀ ਸੀਰੀਅਲ ‘ਗੁਦਾਦਾ ਬੂਤੱਊ’ ਵਿੱਚ ਆਪਣੀ ਅਦਾਕਾਰੀ ਦੀ ਪੇਸ਼ਕਾਰੀ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕੰਨੜ ਫਿਲਮਾਂ ਵਿੱਚ ਕੰਮ ਮਿਲਣ ਲੱਗਾ। 1994 ਵਿੱਚ ਪ੍ਰਕਾਸ਼ ਰਾਜ ਦੀ ਤਾਮਿਲ ਭਾਸ਼ਾ ਦੀ ਫਿਲਮ ‘ਡਿਊਟ’ ਆਈ। 1995 ਵਿੱਚ ਤੇਲਗੂ ਫਿਲਮ ‘ਸੰਕਲਪਸ’ ਆਈ।

ਇਸ ਤਰਾਂ ਦਰਸ਼ਕ ਉਨ੍ਹਾਂ ਦੀ ਅਦਾਕਾਰੀ ਨੂੰ ਪਸੰਦ ਕਰਨ ਲੱਗੇ। 1996 ਵਿੱਚ ਉਹ ਮਲਿਆਲਮ ਫਿਲਮ ‘ਇੰਦਰਪ੍ਰਸਥਮ’ ਵਿੱਚ ਨਜ਼ਰ ਆਏ। 2009 ਵਿੱਚ ਉਨ੍ਹਾਂ ਨੇ ਫਿਲਮ ‘ਕਾਂਚੀਵਰਮ’ ਵਿੱਚ ਜੋ ਕਿਰਦਾਰ ਨਿਭਾਇਆ, ਉਸ ਦੀ ਬਦੌਲਤ ਉਨ੍ਹਾਂ ਨੂੰ ਸਰਵ ਸਰੇਸ਼ਟ ਅਭਿਨੇਤਾ ਵਜੋਂ ਰਾਸ਼ਟਰੀ ਅਵਾਰਡ ਹਾਸਲ ਹੋਇਆ। 1994 ਵਿੱਚ ਪ੍ਰਕਾਸ਼ ਰਾਜ ਦਾ ਵਿਆਹ ਅਦਾਕਾਰਾ ਲਲਿਤਾ ਕੁਮਾਰੀ ਨਾਲ ਹੋ ਗਿਆ।

ਇਸ ਵਿਆਹ ਤੋਂ ਉਨ੍ਹਾਂ ਦੇ ਘਰ 2 ਧੀਆਂ ਮੇਘਨਾ, ਪੂਜਾ ਅਤੇ ਇੱਕ ਪੁੱਤਰ ਸਿੱਧੂ ਦਾ ਜਨਮ ਹੋਇਆ। 2009 ਵਿੱਚ ਪਤੀ ਪਤਨੀ ਆਪਸੀ ਅਣਬਣ ਦੇ ਚਲਦੇ ਅਲੱਗ ਹੋ ਗਏ। ਅਗਲੇ ਸਾਲ 24 ਅਗਸਤ 2010 ਨੂੰ ਪ੍ਰਕਾਸ਼ ਰਾਜ ਨੇ ਕੋਰੀਓਗਰਾਫਰ ਪੋਨੀ ਵਰਮਾ ਨਾਲ ਵਿਆਹ ਕਰਵਾ ਲਿਆ। ਇਸ ਵਿਆਹ ਤੋਂ ਉਨ੍ਹਾਂ ਦੇ ਘਰ ਇੱਕ ਪੁੱਤਰ ਵੇਦੰਰਥ ਨੇ ਜਨਮ ਲਿਆ।

1998 ਵਿੱਚ ਫਿਲਮ ‘ਹਿਟਲਰ’ ਰਾਹੀਂ ਉਨ੍ਹਾਂ ਨੇ ਬਾਲੀਵੁੱਡ ਵਿੱਚ ਐਂਟਰੀ ਕੀਤੀ। ਇਸ ਫਿਲਮ ਨਾਲ ਉਹ ਬਾਲੀਵੁੱਡ ਵਿੱਚ ਆਪਣੀ ਪਛਾਣ ਨਹੀਂ ਬਣਾ ਸਕੇ ਪਰ ‘ਵਾਂਟੇਡ’ ਵਿੱਚ ‘ਘਨੀ ਭਾਈ’ ਦੇ ਨਿਭਾਏ ਗਏ ਕਿਰਦਾਰ ਦੀ ਬਹੁਤ ਪ੍ਰਸੰਸਾ ਹੋਈ। ਫਿਰ ‘ਸਿੰਘਮ,ਦਬੰਗ 2, ਬੁੱਢਾ ਹੋਗਾ ਤੇਰਾ ਬਾਪ ਅਤੇ ਜੰਜੀਰ’ ਆਦਿ ਫਿਲਮਾਂ ਨੇ ਉਨ੍ਹਾਂ ਦੀ ਬਾਲੀਵੁੱਡ ਵਿੱਚ ਨਵੇਂ ਵਿਲੇਨ ਦੇ ਤੌਰ ਤੇ ਪਛਾਣ ਬਣਾ ਦਿੱਤੀ।

ਉਨ੍ਹਾਂ ਨੇ ਫਿਲਮ ਜਗਤ ਨੂੰ ਕਈ ਬਲਾਕ ਬਸਟਰ ਫਿਲਮਾਂ ਦਿੱਤੀਆਂ। ਉਹ ਕਈ ਤੇਲਗੂ, ਤਾਮਿਲ ਅਤੇ ਕੰਨੜ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਉਹ ਲਗਭਗ 3 ਦਹਾਕੇ ਤੋਂ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਹੁਣ ਤੱਕ 5 ਵਾਰ ਰਾਸ਼ਟਰੀ ਅਵਾਰਡ ਮਿਲ ਚੁੱਕਾ ਹੈ। ਇਨ੍ਹਾਂ ਦੀਆਂ ਕੁਝ ਫਿਲਮਾਂ ਦੇ ਨਾਮ ਅਸੀਂ ਇੱਥੇ ਦੇ ਰਹੇ ਹਾਂ।

ਜਿਨ੍ਹਾਂ ਵਿੱਚ ਇਰੂਵਰ (ਤਾਮਿਲ), ਅੰਤਾਹਪੁਰਮ (ਤੇਲਗੂ), ਨੁਵੇ ਨੁਵੇ (ਤੇਲਗੂ), ਖਗਡਮ (ਤੇਲਗੂ), ਟੈਗੋਰ (ਤੇਲਗੂ), ਅੰਮਾ ਨਾਨਾ ਓ (ਤੇਲਗੂ), ਤਾਮੀਲਾ ਅੰਮਾਈ (ਤੇਲਗੂ), ਚੋਕਾ ਥੰਗਮ (ਤਾਮਿਲ), ਸਿਵਾਕਾਸੀ (ਤਾਮਿਲ), ਬੋਮਾਰਿਲੂ (ਤੇਲਗੂ) ਅਤੇ ਮੋਜ਼ੀ (ਤਾਮਿਲ) ਆਦਿ ਫਿਲਮਾਂ ਹਨ।

Leave a Reply

Your email address will not be published. Required fields are marked *