‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਲਗਭਗ 24 ਘੰਟੇ ਤੋਂ ਜ਼ਿਆਦਾ ਸਮੇਂ ਤੋਂ ਪੁਲਿਸ ਸਰਗਰਮ ਹੈ। ਪਹਿਲਾਂ 24 ਘੰਟੇ ਲਈ ਪੰਜਾਬ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਸਨ ਪਰ ਹੁਣ ਇਸ ਵਿੱਚ ਹੋਰ 24 ਘੰਟੇ ਦਾ ਵਾਧਾ ਕਰ ਦਿੱਤਾ ਗਿਆ ਹੈ। ਪੁਲਿਸ ਅਜੇ ਵੀ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਫੜ ਸਕੀ।
ਕੱਲ੍ਹ ਹੀ ਅੰਮ੍ਰਿਤਪਾਲ ਸਿੰਘ ਦੇ ਕਈ ਦਰਜਨ ਸਾਥੀ ਫੜੇ ਗਏ ਸਨ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ 4 ਸਾਥੀਆਂ ਨੂੰ ਲੈ ਕੇ ਪੁਲਿਸ ਅਸਾਮ ਦੇ ਡਿਬਰੂਗੜ੍ਹ ਪਹੁੰਚ ਗਈ ਹੈ। ਅੱਜ ਪੁਲਿਸ ਨੇ 7 ਵਿਅਕਤੀ ਹੋਰ ਫੜੇ ਹਨ। ਅਜਨਾਲਾ ਵਾਲੀ ਘਟਨਾ ਤੋਂ ਅਗਲੇ ਦਿਨ ਹੀ ਮਾਮਲਾ ਭਾਵੇਂ ਦਰਜ ਹੋ ਗਿਆ ਸੀ ਪਰ ਕਿਸੇ ਨੂੰ ਇਸ ਦੀ ਖਬਰ ਨਹੀਂ ਸੀ।
ਅੰਮ੍ਰਿਤਪਾਲ ਸਿੰਘ ਦੇ ਜਿਹੜੇ ਸਾਥੀ ਜਲੰਧਰ ਦੇ ਮਾਹਿਤਪੁਰ ਤੋਂ ਫੜੇ ਗਏ ਹਨ, ਉਨ੍ਹਾਂ ਦੇ ਨਾਮ ਵੀ ਅਜਨਾਲਾ ਵਾਲੇ ਮਾਮਲੇ ਵਿੱਚ ਸ਼ਾਮਲ ਦੱਸੇ ਜਾਂਦੇ ਹਨ। ਇਸ ਮਾਮਲੇ ਵਿੱਚ ਧਾਰਾ 307 ਵੀ ਲਗਾਈ ਗਈ ਸੀ। ਇਸ ਮਾਮਲੇ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਅੰਮ੍ਰਿਤਪਾਲ ਸਿੰਘ ਨੂੰ ਮੰਨਿਆ ਗਿਆ ਸੀ।
ਕੱਲ੍ਹ 7 ਵਿਅਕਤੀ ਮਾਹਿਤਪੁਰ ਤੋਂ ਫੜੇ ਗਏ ਸਨ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੂੰ ਇੱਕ ਗੱਡੀ ਵੀ ਮਿਲੀ ਹੈ। ਜਿਸ ਵਿੱਚੋ ਇੱਕ ਕਿਰਪਾਨ ਅਤੇ 315 ਬੋਰ ਮਿਲੇ ਹਨ। ਜਲੰਧਰ ਦੇ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਲਾਅ ਐਂਡ ਆਰਡਰ ਦੀ ਸਥਿਤੀ ਕਾਬੂ ਵਿੱਚ ਹੈ। ਉਨ੍ਹਾਂ ਨੇ ਜਨਤਾ ਨੂੰ ਆਪਣੇ ਕੰਮ ਧੰਦੇ ਕਰਨ ਦੀ ਸਲਾਹ ਦਿੱਤੀ ਹੈ।
ਪੁਲਿਸ ਫਲੈਗ ਮਾਰਚ ਕਰ ਰਹੀ ਹੈ। ਪੁਲਿਸ ਜਨਤਾ ਦੀ ਸੁਰੱਖਿਆ ਲਈ ਵਚਨਬੱਧ ਹੈ। ਪੁਲਿਸ ਵੱਲੋਂ ਨਾਕੇ ਲਗਾਏ ਜਾ ਰਹੇ ਹਨ ਅਤੇ ਜਾਂਚ ਜਾਰੀ ਹੈ। ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਜੇਕਰ ਕੋਈ ਵਿਅਕਤੀ ਲਾਅ ਐਂਡ ਆਰਡਰ ਆਪਣੇ ਹੱਥ ਵਿੱਚ ਲਵੇਗਾ ਤਾਂ ਉਸ ਤੇ ਕਾਰਵਾਈ ਕੀਤੀ ਜਾਵੇਗੀ।