ਜੇਕਰ ਭਾਰਤ ਤੋਂ ਬਿਨਾਂ ਦੁਨੀਆਂ ਦੇ ਕਿਸੇ ਵੀ ਮੁਲਕ ਵੱਲ ਨਜ਼ਰ ਫੇਰੀ ਜਾਵੇ ਤਾਂ ਸਭ ਤੋਂ ਵੱਧ ਪੰਜਾਬੀ ਕੈਨੇਡਾ ਵਿੱਚ ਵਸਦੇ ਹਨ। ਇੱਥੇ ਪੰਜਾਬੀ ਵੱਡੇ ਰਾਜਨੀਤਕ ਅਹੁਦਿਆਂ ਤੱਕ ਪਹੁੰਚੇ ਹਨ। ਇਨ੍ਹਾਂ ਵਿੱਚੋਂ ਇੱਕ ਸ਼ਖਸ਼ੀਅਤ ਹਨ, ਹਰਜੀਤ ਸੱਜਣ।

ਜੋ ਪਹਿਲਾਂ ਕੈਨੇਡਾ ਦੇ 42ਵੇੰ ਰੱਖਿਆ ਮੰਤਰੀ ਬਣੇ ਅਤੇ ਇਸ ਸਮੇਂ ਇੰਟਰਨੈਸ਼ਨਲ ਡਿਵੈਲਪਮੈਂਟ ਮੰਤਰੀ ਹਨ। ਹਰਜੀਤ ਸੱਜਣ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੰਬੇਲੀ ਵਿਖੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ। ਉਨ੍ਹਾਂ ਨੂੰ ਆਪਣਾ ਬਚਪਨ ਦਾ ਸਮਾਂ ਯਾਦ ਹੈ।

ਜਦੋਂ ਉਹ ਨੰਗੇ ਪੈਰ ਖੇਡਦੇ ਹੁੰਦੇ ਸਨ। ਉਨ੍ਹਾ ਦੇ ਦਾਦੀ ਪਸ਼ੂਆਂ ਲਈ ਖੇਤਾਂ ਵਿੱਚੋਂ ਸਿਰ ਤੇ ਚਾਰਾ ਲਿਆਉੰਦੇ ਸਨ। ਉਨ੍ਹਾਂ ਕੋਲ 3 ਬਲਦ ਹੁੰਦੇ ਸਨ। ਜਦੋਂ ਹਰਜੀਤ ਸੱਜਣ 5 ਸਾਲ ਦੇ ਹੋਏ ਤਾਂ ਉਹ ਆਪਣੀਆਂ ਭੈਣਾਂ ਅਤੇ ਮਾਂ ਸਮੇਤ ਆਪਣੇ ਪਿਤਾ ਕੋਲ ਕੈਨੇਡਾ ਵਿਖੇ ਵੈਨਕੂਵਰ ਪਹੁੰਚ ਗਏ।

ਜਿੱਥੇ ਉਨ੍ਹਾਂ ਦੇ ਮਾਤਾ ਪਿਤਾ ਖੇਤਾਂ ਵਿੱਚ ਬੇਰ ਤੋੜਨ ਦਾ ਕੰਮ ਕਰਦੇ ਸਨ ਅਤੇ ਆਪ ਉਹ ਘਰ ਵਿੱਚ ਹੀ ਰਹਿੰਦੇ ਸਨ। ਮੌਜੂਦਾ ਮੁਕਾਮ ਤੱਕ ਪਹੁੰਚਣ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ। ਉਨ੍ਹਾਂ ਦਿਨਾਂ ਵਿੱਚ ਇੱਥੇ ਨਸਲੀ ਵਿਤਕਰਾ ਬਹੁਤ ਸੀ। ਨੌਜਵਾਨ ਗੈੰਗ ਨਾਲ ਜੁੜ ਰਹੇ ਸਨ।

ਹਰਜੀਤ ਸੱਜਣ ਅਤੇ ਉਨ੍ਹਾਂ ਦੇ ਸਾਥੀ ਇਸ ਤੋਂ ਦੂਰ ਹੀ ਰਹੇ। ਹਰਜੀਤ ਸੱਜਣ ਧਾਰਮਿਕ ਸੁਭਾਅ ਦੇ ਹੋਣ ਕਾਰਨ ਅਮਲ ਪਦਾਰਥ ਅਤੇ ਬੁਰੀਆਂ ਆਦਤਾਂ ਤੋਂ ਦੂਰ ਰਹੇ। ਉਨ੍ਹਾਂ ਨੇ ਪੱਗ ਬੰਨ੍ਹਣ ਅਤੇ ਵਾਲ ਰੱਖਣ ਦਾ ਫੈਸਲਾ ਕਰ ਲਿਆ। ਉਹ ਫੌਜੀ ਪਾਇਲਟ ਬਣਨ ਦੇ ਇਰਾਦੇ ਨਾਲ ਰਿਜ਼ਰਵ ਫੋਰਸ ਵਿੱਚ ਭਰਤੀ ਹੋ ਗਏ ਪਰ ਨਸਲੀ ਵਿਤਕਰੇ ਦਾ ਦੌਰ ਹੋਣ ਕਾਰਨ ਉਨ੍ਹਾਂ ਨੂੰ ਵੀ ਇਸ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਨੇ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ ਪਰ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਸਮਝਾਇਆ। ਪੁਲਿਸ ਵਿੱਚ ਉਨ੍ਹਾਂ ਦੀ ਡਿਊਟੀ ਜਾਸੂਸੀ ਕਰਨ ਤੇ ਲੱਗ ਗਈ। ਫਿਰ ਉਹ ਜੂਨੀਅਰ ਕੈਪਟਨ ਦੇ ਤੌਰ ਤੇ ਨਾਟੋ ਸੈਨਾ ਵਿੱਚ ਭਰਤੀ ਹੋ ਕੇ ਬੋਸਨੀਆ ਚਲੇ ਗਏ। ਇੱਥੋਂ ਵਾਪਸ ਆ ਕੇ ਉਨ੍ਹਾਂ ਨੇ ਫਿਰ ਤੋਂ ਪੁਲਿਸ ਦੀ ਨੌਕਰੀ ਕਰਨ ਦਾ ਫੈਸਲਾ ਕਰ ਲਿਆ।

ਪੁਲਿਸ ਵਿੱਚ ਜਾਸੂਸੀ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਵੱਡੀ ਸਫਲਤਾ ਹੱਥ ਲੱਗੀ ਕਿਉਂਕਿ ਉਨ੍ਹਾਂ ਨੇ ਇਨ੍ਹਾਂ ਗਰੁੱਪਾਂ ਵਿੱਚ ਆਪਣੇ ਮੁਖਬਰ ਵਾੜ ਦਿੱਤੇ ਸਨ। ਉਨ੍ਹਾਂ ਦੇ ਤਜ਼ਰਬੇ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅਫਗਾਨਿਸਤਾਨ ਦੇ ਕੰਧਾਰ ਵਿੱਚ ਵੀ ਭੇਜਿਆ ਗਿਆ। ਕੰਧਾਰ ਦੀ ਭਾਸ਼ਾ ਪੰਜਾਬੀ ਨਾਲ ਮਿਲਦੀ ਜੁਲਦੀ ਹੋਣ ਕਾਰਨ ਹਰਜੀਤ ਸੱਜਣ ਲਈ ਇਸ ਭਾਸ਼ਾ ਨੂੰ ਸਮਝਣਾ ਸੌਖਾ ਸੀ।

ਉਨ੍ਹਾਂ ਨੇ ਕੈਨੇਡਾ ਵਿੱਚ ਜੋ ਤਜ਼ਰਬਾ ਹਾਸਲ ਕੀਤਾ ਸੀ, ਇਸ ਦਾ ਉਨ੍ਹਾਂ ਨੂੰ ਅਫਗਾਨਿਸਤਾਨ ਵਿੱਚ ਵੀ ਫਾਇਦਾ ਹੋਇਆ। ਇੱਕ ਦਿਨ ਉਹ ਸਮਾਂ ਵੀ ਆ ਗਿਆ ਜਦੋਂ ਹਰਜੀਤ ਸੱਜਣ ਲਿਬਰਲ ਪਾਰਟੀ ਦੀ ਟਿਕਟ ਤੇ ਚੋਣ ਜਿੱਤ ਕੇ ਕੈਨੇਡਾ ਦੇ ਰੱਖਿਆ ਮੰਤਰੀ ਬਣ ਗਏ। ਉਨ੍ਹਾਂ ਨੇ ਸੀਰੀਆ ਦੇ ਸ਼ਰਨਾਰਥੀਆਂ ਬਾਰੇ ਵੀ ਬਿਆਨ ਦਿੱਤੇ।

ਹਰਜੀਤ ਸੱਜਣ ਬ੍ਰਿਟਿਸ਼ ਕੋਲੰਬੀਆ ਰੈਜਮੈਂਟ ਦੇ ਕਮਾਂਡਿੰਗ ਅਫਸਰ ਰਹੇ ਹਨ। ਇਹ ਰੈਜਮੈਂਟ ਹੀ 1914 ਵਿੱਚ ਵਾਪਰੇ ਕਾਮਾਗਾਟਾਮਾਰੂ ਕਾਂਡ ਲਈ ਜ਼ਿੰਮੇਵਾਰ ਸੀ। ਭਾਰਤੀ ਯਾਤਰੀਆਂ ਨੂੰ ਕੈਨੇਡਾ ਦੀ ਬੰਦਰਗਾਹ ਉੱਤੇ ਉਤਰਨ ਦੀ ਆਗਿਆ ਨਾ ਦੇ ਕੇ ਵਾਪਸ ਭੇਜ ਦਿੱਤਾ ਗਿਆ ਸੀ।

ਕੈਨੇਡਾ ਵਿੱਚ ਕਾਮਾਗਾਟਾਮਾਰੂ ਘਟਨਾ ਲਈ ਮਾਫੀ ਮੰਗੀ ਗਈ। ਹਰਜੀਤ ਸੱਜਣ ਮੁਤਾਬਕ ਉਨ੍ਹਾਂ ਦੀ ਰੈਜਮੈਂਟ ਉਸ ਦਿਨ ਨੂੰ ਕਾਲੇ ਦਿਨ ਦੇ ਤੌਰ ਤੇ ਯਾਦ ਕਰਦੀ ਹੈ।
