ਰੇਲ ਗੱਡੀ ਦੇ ਸਫਰ ਨੂੰ ਸੜਕੀ ਸਫਰ ਨਾਲੋਂ ਸੁਰੱਖਿਅਤ ਮੰਨਿਆ ਜਾਂਦਾ ਹੈ ਕਿਉਂਕਿ ਸੜਕੀ ਆਵਾਜਾਈ ਦੌਰਾਨ ਹਾਦਸਿਆਂ ਦੀਆਂ ਖਬਰਾਂ ਅਸੀਂ ਅਕਸਰ ਦੇਖਦੇ ਸੁਣਦੇ ਹੀ ਰਹਿੰਦੇ ਹਾਂ। ਹੁਣ ਨਾਇਜੀਰੀਆ ਦੇ ਲਗੋ ਸ਼ਹਿਰ ਤੋਂ ਇਕ ਬੱਸ ਅਤੇ ਰੇਲ ਗੱਡੀ ਵਿਚਕਾਰ ਹਾਦਸਾ ਹੋਣ ਦੀ ਜਾਣਕਾਰੀ ਮਿਲੀ ਹੈ।

ਇਸ ਹਾਦਸੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਦੇਖੀਆਂ ਜਾ ਸਕਦੀਆਂ ਹਨ। ਇਹ ਹਾਦਸਾ ਇੱਕ ਰੇਲਵੇ ਕਰਾਸਿੰਗ ਤੇ ਉਸ ਸਮੇਂ ਵਾਪਰਿਆ ਜਦੋਂ ਯਾਤਰੀਆਂ ਦੀ ਭਰੀ ਹੋਈ ਬੱਸ ਰੇਲਵੇ ਫਾਟਕ ਤੋਂ ਲੰਘ ਰਹੀ ਸੀ। ਉਸੇ ਸਮੇਂ ਟਰੇਨ ਆ ਗਈ। ਰੇਲ ਅਤੇ ਬੱਸ ਦੀ ਟੱਕਰ ਦੇ ਇਸ ਦ੍ਰਿਸ਼ ਨੂੰ ਦੇਖ ਕੇ ਹਰ ਕਿਸੇ ਦੀ ਰੂਹ ਝੰਜੋੜੀ ਗਈ।

ਇਸ ਹਾਦਸੇ ਵਿੱਚ 6 ਵਿਅਕਤੀਆਂ ਦੀ ਜਾਨ ਚਲੀ ਗਈ ਜਦ ਕਿ 80 ਦੇ ਲਗਭਗ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੇਣ ਲਈ ਹਸਪਤਾਲ ਪੁਚਾਇਆ ਗਿਆ ਹੈ। ਰਾਹਤ ਕਾਰਜ ਜ਼ੋਰਾਂ ਤੇ ਚਲਾਏ ਜਾ ਰਹੇ ਹਨ। ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੇ ਦ੍ਰਿਸ਼ ਵਿੱਚ ਬੱਸ ਅਤੇ ਟਰੇਨ ਨਜ਼ਰ ਆ ਰਹੀਆਂ ਹਨ।

ਬੱਸ ਵਿੱਚ ਫਸੇ ਯਾਤਰੀ ਵੀ ਦਿਖਾਈ ਦਿੰਦੇ ਹਨ। ਇਸ ਦ੍ਰਿਸ਼ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਿਰਤਕਾਂ ਦੀ ਗਿਣਤੀ ਵਧ ਵੀ ਸਕਦੀ ਹੈ। ਹਰ ਕੋਈ ਮਿਰਤਕਾਂ ਦੇ ਪਰਿਵਾਰਕ ਜੀਆਂ ਅਤੇ ਹਾਦਸੇ ਦੀ ਲਪੇਟ ਵਿੱਚ ਆਉਣ ਵਾਲਿਆਂ ਨਾਲ ਹਮਦਰਦੀ ਜਤਾ ਰਿਹਾ ਹੈ। ਟੱਕਰ ਇੰਨੀ ਜ਼ੋਰ ਨਾਲ ਹੋਈ ਹੈ ਕਿ ਬੱਸ ਬੁਰੀ ਤਰਾਂ ਨੁਕਸਾਨੀ ਗਈ ਹੈ।