ਸਵਾਰੀਆਂ ਹਾਸਲ ਕਰਨ ਦੇ ਚੱਕਰ ਵਿੱਚ ਬੱਸ ਚਾਲਕ ਬੱਸਾਂ ਨੂੰ ਬਹੁਤ ਭਜਾਉੰਦੇ ਹਨ। ਕਈ ਵਾਰ ਤਾਂ ਉਹ ਕਾਹਲੀ ਵਿੱਚ ਅੱਗਾ ਪਿੱਛਾ ਹੀ ਨਹੀਂ ਦੇਖਦੇ। ਇਸ ਕਾਹਲੀ ਕਾਰਨ ਹੀ ਹਾਦਸੇ ਹੋ ਜਾਂਦੇ ਹਨ। ਮੋਗਾ ਦੇ ਕੋਟਕਪੂਰਾ ਬਾਈਪਾਸ ਤੇ ਹੋਏ ਹਾਦਸੇ ਵਿੱਚ ਇੱਕ ਲੜਕੀ ਦੀ ਜਾਨ ਚਲੀ ਗਈ ਹੈ,

ਜਦਕਿ ਉਸ ਦੇ ਪਿਤਾ ਦੇ ਸੱਟਾਂ ਲੱਗੀਆਂ ਹਨ। ਹਾਦਸਾ ਮੋਟਰਸਾਈਕਲ ਅਤੇ ਬੱਸ ਵਿਚਕਾਰ ਹੋਇਆ ਹੈ। ਬੱਸ ਚਾਲਕ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਡਰਾਈਵਰ ਦੀ ਭਾਲ ਕਰ ਰਹੀ ਹੈ। ਮੋਟਰਸਾਈਕਲ ਸਵਾਰ ਪਿਓ ਧੀ ਸਮਾਲਸਰ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।
ਪਤਾ ਲੱਗਾ ਹੈ ਕਿ ਸਮਾਲਸਰ ਦਾ ਵਸਨੀਕ ਅਮਰਜੀਤ ਆਪਣੀ ਧੀ ਨੂੰ ਨਾਲ ਲੈ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਮੋਗੇ ਤੋਂ ਦਵਾਈ ਲੈਣ ਲਈ ਆ ਰਿਹਾ ਸੀ। ਜਦੋੰ ਇਹ ਕੋਟਕਪੂਰਾ ਬਾਈਪਾਸ ਤੋਂ ਆਈ ਟੀ ਆਈ ਕੋਲੋਂ ਮੋਗਾ ਸ਼ਹਿਰ ਵੱਲ ਜਾ ਰਹੇ ਸਨ ਤਾਂ ਪਿੱਛੋਂ ਨਿੱਜੀ ਕੰਪਨੀ ਦੀ ਇੱਕ ਤੇਜ਼ ਰਫਤਾਰ ਬੱਸ ਆ ਗਈ।

ਬੱਸ ਮੋਟਰਸਾਈਕਲ ਤੋਂ ਅੱਗੇ ਲੰਘਦੇ ਸਮੇਂ ਮੋਟਰਸਾਈਕਲ ਨਾਲ ਵੱਜ ਗਈ। ਜਿਸ ਦੇ ਸਿੱਟੇ ਵਜੋਂ ਮੋਟਰਸਾਈਕਲ ਡਿੱਗ ਪਿਆ। ਸਿਰ ਵਿੱਚ ਸੱਟ ਲੱਗਣ ਕਾਰਨ ਲੜਕੀ ਤਾਂ ਮੌਕੇ ਤੇ ਹੀ ਦਮ ਤੋੜ ਗਈ ਜਦਕਿ ਬਾਈਕ ਚਾਲਕ ਅਮਰਜੀਤ ਨੂੰ ਸੱਟਾਂ ਲੱਗਣ ਕਾਰਨ ਹਸਪਤਾਲ ਪੁਚਾਇਆ ਗਿਆ ਹੈ।

ਉਸ ਦੀ ਧੀ ਦੀ ਮਿਰਤਕ ਦੇਹ ਨੂੰ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਹੈ। ਬੱਸ ਚਾਲਕ ਬੱਸ ਛੱਡ ਕੇ ਮੌਕੇ ਤੋਂ ਦੌੜਨ ਵਿੱਚ ਕਾਮਯਾਬ ਹੋ ਗਿਆ। ਪੁਲਿਸ ਬੱਸ ਚਾਲਕ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਧੀ ਦੇ ਵਿਛੋੜੇ ਕਾਰਨ ਪਿਤਾ ਡੂੰਘੇ ਸਦਮੇ ਵਿੱਚ ਹੈ।