ਜਾਨੀ ਲਿਵਰ ਵਾਂਗ ਹੀ ਰਾਜਪਾਲ ਯਾਦਵ ਨੇ ਵੀ ਬਾਲੀਵੁੱਡ ਫਿਲਮਾਂ ਵਿੱਚ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਉਨ੍ਹਾਂ ਦੀ ਪਛਾਣ ਇੱਕ ਕਮੇਡੀ ਕਲਾਕਾਰ ਵਜੋਂ ਬਣ ਚੁੱਕੀ ਹੈ। ਹੁਣ ਤੱਕ ਉਹ ਕਾਫੀ ਫਿਲਮਾਂ ਰਾਹੀਂ ਦਰਸ਼ਕਾਂ ਦੇ ਰੂਬਰੂ ਹੋ ਚੁੱਕੇ ਹਨ। ਅੱਜ ਅਸੀਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੇ ਸੰਖੇਪ ਜਿਹੀ ਨਜ਼ਰ ਫੇਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਰਾਜਪਾਲ ਦਾ ਪਹਿਲਾ ਵਿਆਹ ਕਰੁਣਾ ਨਾਮ ਦੀ ਲੜਕੀ ਨਾਲ ਹੋਇਆ ਸੀ। ਕਰੁਣਾ ਨੇ ਇੱਕ ਧੀ ਜੋਤੀ ਨੂੰ ਜਨਮ ਦਿੱਤਾ ਪਰ ਇਸ ਤੋਂ ਤੁਰੰਤ ਬਾਅਦ ਕਰੁਣਾ ਨੇ ਇਸ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ। ਇਹ ਰਾਜਪਾਲ ਲਈ ਵੱਡਾ ਝਟਕਾ ਸੀ। ਰਾਜਪਾਲ ਨੇ ਸੋਚ ਲਿਆ ਕਿ ਉਹ ਹੁਣ ਵਿਆਹ ਨਹੀਂ ਕਰਵਾਉਣਗੇ।

ਉਨ੍ਹਾਂ ਨੂੰ ‘ਦ ਹੀਰੋ’ ਫਿਲਮ ਦੀ ਸ਼ੂਟਿੰਗ ਲਈ ਕੈਨੇਡਾ ਜਾਣਾ ਪਿਆ। ਇੱਥੇ ਇਹ ਇੱਕ ਹੋਟਲ ਵਿੱਚ ਠਹਿਰੇ ਸਨ। ਇੱਥੇ ਰਾਜਪਾਲ ਦੇ ਇੱਕ ਦੋਸਤ ਨੇ ਉਨ੍ਹਾਂ ਦੀ ਮੁਲਾਕਾਤ ਰਾਧਾ ਨਾਮ ਦੀ ਲੜਕੀ ਨਾਲ ਕਰਵਾਈ। ਜੋ ਉਨ੍ਹਾਂ ਤੋਂ ਉਮਰ ਵਿੱਚ 9 ਸਾਲ ਛੋਟੀ ਸੀ। ਕਈ ਦਿਨ ਲਗਾਤਾਰ ਮੁਲਾਕਾਤਾਂ ਹੋਣ ਕਾਰਨ ਇਨ੍ਹਾਂ ਦੀ ਦੋਸਤੀ ਹੋ ਗਈ।

10 ਦਿਨ ਕੈਨੇਡਾ ਰਹਿ ਕੇ ਰਾਜਪਾਲ ਯਾਦਵ ਵਾਪਸ ਭਾਰਤ ਆ ਗਏ ਪਰ ਇਨ੍ਹਾਂ ਦੀ ਫੋਨ ਤੇ ਗੱਲਬਾਤ ਜਾਰੀ ਰਹੀ। ਇਸ ਤਰਾਂ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਬੱਸ ਫੇਰ ਕੀ ਸੀ? ਰਾਧਾ ਕੈਨੇਡਾ ਛੱਡ ਕੇ ਭਾਰਤ ਆ ਗਈ। ਰਾਧਾ ਨੂੰ ਮੁੰਬਈ ਏਅਰਪੋਰਟ ਤੋਂ ਲੈਣ ਲਈ ਰਾਜਪਾਲ ਯਾਦਵ ਪਹੁੰਚ ਗਏ।

ਉਹ ਰਾਧਾ ਨੂੰ ਆਪਣੇ ਘਰ ਲਿਆਏ। ਰਾਧਾ ਨੇ ਦੇਖਿਆ ਕਿ ਰਾਜਪਾਲ ਯਾਦਵ ਨੇ ਆਪਣੇ ਘਰ ਨੂੰ ਬਿੱਲਕੁਲ ਉਸ ਤਰਾਂ ਦੀ ਹੀ ਦਿਖ ਦਿੱਤੀ ਸੀ, ਜਿਸ ਤਰਾਂ ਦੀ ਦਿੱਖ ਉਸ ਹੋਟਲ ਦੀ ਸੀ, ਜਿਸ ਵਿੱਚ ਉਨ੍ਹਾਂ ਦੀ ਪਹਿਲੀ ਵਾਰ ਮੁਲਾਕਾਤ ਹੋਈ ਸੀ।

ਅਖੀਰ ਰਾਜਪਾਲ ਯਾਦਵ ਅਤੇ ਰਾਧਾ ਨੇ ਵਿਆਹ ਕਰਵਾ ਲਿਆ। ਇਨ੍ਹਾਂ ਦੇ ਘਰ 2 ਧੀਆਂ ਪੈਦਾ ਹੋਈਆਂ। ਰਾਜਪਾਲ ਦੀ ਪਹਿਲੀ ਧੀ ਜੋਤੀ, ਜਿਸ ਨੂੰ ਕਰੁਣਾ ਨੇ ਜਨਮ ਦਿੱਤਾ ਸੀ, ਉਹ ਵਿਆਹੀ ਜਾ ਚੁੱਕੀ ਹੈ।

ਕੁਝ ਸਮੇਂ ਤੋਂ ਰਾਜਪਾਲ ਯਾਦਵ ਫਿਲਮਾਂ ਵਿੱਚੋਂ ਵੀ ਗੈਰ ਹਾਜ਼ਰ ਨਜ਼ਰ ਆ ਰਹੇ ਹਨ। ‘ਜੁੜਵਾ 2’ ਤੋਂ ਬਾਅਦ ਭਾਵੇਂ ਉਨ੍ਹਾਂ ਨੇ ਕਈ ਫਿਲਮਾਂ ਵਿੱਚ ਕੰਮ ਤਾਂ ਕੀਤਾ ਪਰ ਇਸ ਫਿਲਮ ਤੋਂ ਬਾਅਦ ਉਨ੍ਹਾਂ ਦੀ ਕੋਈ ਹੋਰ ਫਿਲਮ ਹਿੱਟ ਨਾ ਹੋ ਸਕੀ।