ਕੁਦਰਤ ਦੀ ਸ਼ਕਤੀ ਅੱਗੇ ਸਭ ਕੁਝ ਫੇਲ ਹੋ ਜਾਂਦਾ ਹੈ। ਕਿਸੇ ਦੀ ਕੋਈ ਪੇਸ਼ ਨਹੀਂ ਚੱਲਦੀ। ਪਿਛਲੇ ਦਿਨੀਂ ਆਏ ਭੁਚਾਲ ਦੀਆਂ ਤਾਂ ਅਜੇ ਗੱਲਾਂ ਹੀ ਹੋ ਰਹੀਆਂ ਸਨ ਕਿ ਮੀਂਹ ਅਤੇ ਹਨੇਰੀ ਨੇ ਪੰਜਾਬ ਵਿੱਚ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਕਰ ਦਿੱਤਾ।
ਹੁਣ ਕੁਦਰਤ ਦੀ ਕਰੋਪੀ ਦਾ ਇੱਕ ਹੋਰ ਦ੍ਰਿਸ਼ ਦੇਖਣ ਨੂੰ ਮਿਲਿਆ ਹੈ। ਇੱਕ ਵਾ-ਵਰੋਲੇ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਬਕੈਣਵਾਲਾ ਵਿੱਚ ਜੋ ਨੁਕਸਾਨ ਕੀਤਾ ਹੈ, ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।
ਅਪਰੈਲ ਦੇ ਮਹੀਨੇ ਗਰਮੀ ਵਿੱਚ ਛੋਟੇ ਛੋਟੇ ਵਾ-ਵਰੋਲੇ ਤਾਂ ਅਸੀਂ ਆਮ ਦੇਖਦੇ ਹਾਂ। ਜਿਨ੍ਹਾਂ ਵਿੱਚ ਹਵਾ ਵੱ ਢੀ ਹੋਈ ਕਣਕ ਨੂੰ ਚੁੱਕ ਕੇ ਅਸਮਾਨ ਵਿੱਚ ਗੋਲ ਦਾਇਰੇ ਵਿੱਚ ਘੁਮਾ ਦਿੰਦੀ ਹੈ ਪਰ ਇਸ ਵਾ-ਵਰੋਲੇ ਨੇ ਤਾਂ ਹੱਦ ਹੀ ਕਰ ਦਿੱਤੀ। ਇਸ ਨੇ ਤਾਂ ਕਈ ਮਕਾਨਾਂ ਨੂੰ ਮਲਬੇ ਵਿੱਚ ਬਦਲ ਦਿੱਤਾ।
ਕਈ ਸ਼ੈੱਡ ਸੁੱਟ ਦਿੱਤੇ। ਕਿਸੇ ਦਾ ਰਿਹਾਇਸ਼ੀ ਮਕਾਨ ਢਹਿ ਗਿਆ। ਕਿਸੇ ਦਾ ਪਸ਼ੂਆਂ ਵਾਲਾ ਮਕਾਨ ਡਿੱਗ ਪਿਆ ਅਤੇ ਕਿਸੇ ਦੀ ਵਰਕਸ਼ਾਪ ਨੁਕਸਾਨੀ ਗਈ। ਦਰੱਖ਼ਤ ਜੜਾਂ ਤੋਂ ਪੁੱਟ ਕੇ ਰੱਖ ਦਿੱਤੇ। ਕਈ ਵਿਅਕਤੀਆਂ ਅਤੇ ਪਸ਼ੂਆਂ ਦੇ ਸੱਟਾਂ ਲੱਗੀਆਂ ਹਨ।
ਗਨੀਮਤ ਇਹ ਰਹੀ ਕਿ ਕਿਸੇ ਦੀ ਜਾਨ ਨਹੀਂ ਗਈ। ਜਿਸ ਪਾਸੇ ਤੋਂ ਵੀ ਇਹ ਵਾ-ਵਰੋਲਾ ਲੰਘਦਾ ਗਿਆ, ਫਸਲਾਂ ਨੂੰ ਵਿਛਾਉੰਦਾ ਹੀ ਚਲਾ ਗਿਆ। ਇਸ ਨੇ ਇੱਥੇ ਭਾਰੀ ਨੁਕਸਾਨ ਕੀਤਾ ਹੈ। ਲੋਕ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ।