ਹਾਲਾਤ ਕਦੋਂ ਕਿਸ ਪਾਸੇ ਕਰਵਟ ਬਦਲ ਲੈਣ, ਕੋਈ ਨਹੀਂ ਜਾਣਦਾ। ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਅਜਿਹੀ ਖਬਰ ਸੁਣਨ ਨੂੰ ਮਿਲੀ ਹੈ, ਜਿੱਥੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਉਸ ਸਮੇਂ ਗ੍ਰਹਿਣ ਲੱਗ ਗਿਆ ਜਦੋਂ ਵਿਆਹ ਤੋਂ ਸਿਰਫ 16 ਘੰਟੇ ਬਾਅਦ ਲਾੜਾ ਸੜਕ ਹਾਦਸੇ ਵਿੱਚ ਅੱਖਾਂ ਮੀਟ ਗਿਆ।

22 ਸਾਲਾ ਲਾੜਾ ਸੰਨੀ ਆਪਣੇ ਪਿੰਡ ਮੈਨਪੁਰੀ ਤੋਂ ਐਤਵਾਰ ਨੂੰ ਬਰਾਤ ਲੈ ਕੇ ਪੂਨਮ ਨੂੰ ਵਿਆਹੁਣ ਲਈ ਹਾਪੁਰ ਦੇ ਗਲੈੰਡ ਪਹੁੰਚਿਆ। ਸੋਮਵਾਰ 3 ਵਜੇ ਸਵੇਰੇ ਡੋਲੀ ਵਿਦਾ ਕੀਤੀ ਗਈ ਅਤੇ 6 ਵਜੇ ਸਵੇਰੇ ਬਰਾਤ ਵਾਪਸ ਮੈਨਪੁਰੀ ਆ ਗਈ। ਵਿਆਹ ਦੀ ਖੁਸ਼ੀ ਵਿੱਚ ਸ਼ਾਮ ਨੂੰ ਸੰਗੀਤ ਦਾ ਪ੍ਰੋਗਰਾਮ ਰੱਖਿਆ ਗਿਆ।

ਸਾਰਾ ਪਰਿਵਾਰ ਪ੍ਰੋਗਰਾਮ ਦੀ ਤਿਆਰੀ ਵਿੱਚ ਭੱਜਾ ਫਿਰਦਾ ਸੀ। ਲਾੜਾ ਸੰਨੀ ਆਪਣੇ ਗੁਆਂਢੀ ਸੰਦੀਪ ਨਾਲ ਬਾਈਕ ਤੇ ਸਵਾਰ ਹੋ ਕੇ ਸਰਦਾਨਾ ਤੋਂ ਕੁਝ ਸਮਾਨ ਖਰੀਦਣ ਚਲਾ ਗਿਆ। ਜਦੋਂ ਸ਼ਾਮ ਸਮੇਂ ਸੰਦੀਪ ਅਤੇ ਸੰਨੀ ਬਾਈਕ ਤੇ ਘਰ ਨੂੰ ਵਾਪਸ ਆ ਰਹੇ ਸਨ ਤਾਂ ਸਰੂਰ ਪੁਰ ਥਾਣੇ ਦੇ ਸਾਹਮਣੇ ਸੜਕ ਬਣ ਰਹੀ ਹੋਣ ਕਾਰਨ ਇਨ੍ਹਾਂ ਦੀ ਬਾਈਕ ਸਲਿਪ ਕਰ ਗਈ।

ਜਿਸ ਨਾਲ ਸੰਦੀਪ ਅਤੇ ਸੰਨੀ ਦੇ ਸੱਟਾਂ ਲੱਗੀਆਂ। ਪੁਲਿਸ ਨੇ ਦੋਵਾਂ ਨੂੰ ਸਿਹਤ ਕੇਂਦਰ ਪੁਚਾ ਦਿੱਤਾ। ਸੰਦੀਪ ਦੇ ਤਾਂ ਸੱਟ ਮਾਮੂਲੀ ਸੀ ਪਰ ਸੰਨੀ ਦੀ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਜ਼ਿਲ੍ਹੇ ਦੇ ਹਸਪਤਾਲ ਭੇਜ ਦਿੱਤਾ ਗਿਆ।

ਸੰਨੀ ਬਚ ਨਹੀਂ ਸਕਿਆ। ਉਹ 2 ਭੈਣਾਂ ਦਾ ਭਰਾ ਸੀ ਅਤੇ ਗੁਰੂ ਗਰਾਮ ਵਿੱਚ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਸੀ। ਜਿੱਥੇ ਪਰਿਵਾਰ ਥੋੜ੍ਹੀ ਦੇਰ ਪਹਿਲਾਂ ਬੜੇ ਉਤਸ਼ਾਹ ਵਿੱਚ ਸੰਗੀਤ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਕਰ ਰਿਹਾ ਸੀ ਹੁਣ ਉੱਥੇ ਮਾਹੌਲ ਗਮਗੀਨ ਹੋ ਗਿਆ। ਲਾੜੀ ਵਾਰ ਵਾਰ ਬੇਹੋਸ਼ ਹੋ ਰਹੀ ਹੈ।