ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਸਿੱਖਿਆ ਹਾਸਲ ਕਰਨ ਲਈ ਜਾਂਦੇ ਹਨ ਤਾਂ ਕਿ ਉਹ ਆਪਣੀ ਜ਼ਿੰਦਗੀ ਵਧੀਆ ਬਣਾ ਸਕਣ। ਇੱਥੇ ਉਨ੍ਹਾਂ ਨੂੰ ਅਨੁਸ਼ਾਸ਼ਨ ਵਿੱਚ ਰਹਿਣ ਦਾ ਵੀ ਪਾਠ ਪੜ੍ਹਾਇਆ ਜਾਂਦਾ ਹੈ ਕਿਉਂਕਿ ਇਨ੍ਹਾਂ ਵਿਦਿਆਰਥੀਆਂ ਨੇ ਹੀ ਆਉਣ ਵਾਲੇ ਸਮੇਂ ਵਿੱਚ ਮੁਲਕ ਦੀ ਵਾਗਡੋਰ ਸੰਭਾਲਣੀ ਹੈ।

ਕਿਸੇ ਨੇ ਆਈਏਐੱਸ, ਕਿਸੇ ਨੇ ਪੀਸੀਐੱਸ ਅਤੇ ਕਿਸੇ ਨੇ ਆਈਪੀਐੱਸ ਅਫਸਰ ਬਣਨਾ ਹੈ। ਇਨ੍ਹਾਂ ਵਿਦਿਆਰਥੀਆਂ ਵਿੱਚੋਂ ਹੀ ਕੁਝ ਆਰਮੀ ਵਿੱਚ ਸੇਵਾ ਕਰਨਗੇ ਅਤੇ ਕਈਆਂ ਨੇ ਰਾਜਨੀਤੀ ਨੂੰ ਚੁਣਨਾ ਹੈ ਪਰ ਅੱਜ ਕਾਲਜਾਂ ਯੂਨੀਵਰਸਿਟੀਆਂ ਵਿੱਚ ਜਿਸ ਤਰਾਂ ਵਿਦਿਆਰਥੀਆਂ ਦੇ ਧੜੇ ਬਣ ਰਹੇ ਹਨ, ਉਹ ਸਾਡੇ ਸਭ ਦੇ ਸਾਹਮਣੇ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵਿਦਿਆਰਥੀਆਂ ਦੇ 2 ਗਰੁੱਪਾਂ ਵਿੱਚ ਟਕਰਾਅ ਹੋ ਜਾਣ ਕਾਰਨ ਇੱਕ ਨੌਜਵਾਨ ਦੀ ਜਾਨ ਜਾਣ ਅਤੇ 3-4 ਦੇ ਸੱਟਾਂ ਲੱਗਣ ਦੀ ਖਬਰ ਮੀਡੀਆ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ। ਘਟਨਾ ਸਵੇਰੇ ਵਾਪਰੀ ਦੱਸੀ ਜਾਂਦੀ ਹੈ। ਇਸ ਟਕਰਾਅ ਵਿੱਚ ਜਾਨ ਜਾਣ ਵਾਲੇ ਨੌਜਵਾਨ ਦੀ ਪਛਾਣ ਨਵਜੋਤ ਸਿੰਘ ਵਜੋਂ ਹੋਈ ਹੈ।

ਉਹ ਜ਼ਿਲ੍ਹਾ ਪਟਿਆਲਾ ਦੇ ਹੀ ਪਿੰਡ ਸੰਗਤਪੁਰਾ ਦਾ ਰਹਿਣ ਵਾਲਾ ਸੀ ਅਤੇ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ। ਉਸ ਦੀ ਉਮਰ ਸਿਰਫ 20 ਸਾਲ ਸੀ। ਕਈਆਂ ਦਾ ਮੰਨਣਾ ਹੈ ਕਿ ਮਿਰਤਕ ਨੌਜਵਾਨ ਦਾ ਇਸ ਟਕਰਾਅ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਉਹ ਤਾਂ ਇੱਕ ਪਾਸੇ ਖੜ੍ਹਾ ਸੀ। ਮਿਰਤਕ ਦੇ ਪਰਿਵਾਰ ਦੀ ਹਾਲਤ ਦੇਖੀ ਨਹੀਂ ਜਾਂਦੀ।

ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਕੁਝ ਬਾਹਰਲੇ ਵਿਅਕਤੀ ਯੂਨੀਵਰਸਿਟੀ ਵਿੱਚ ਆ ਵੜੇ। ਮਾਮਲੇ ਦੀ ਪੂਰੀ ਸਚਾਈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਜਿਨ੍ਹਾਂ 3-4 ਵਿਦਿਆਰਥੀਆਂ ਦੇ ਸੱਟਾਂ ਲੱਗੀਆਂ ਹਨ, ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।