ਸੜਕਾਂ ਤੇ ਫਿਰਦੇ ਅਵਾਰਾ ਪਸ਼ੂ ਹਾਦਸਿਆਂ ਨੂੰ ਜਨਮ ਦਿੰਦੇ ਹਨ। ਇਹ ਪਸ਼ੂ ਫਸਲਾਂ ਦਾ ਵੀ ਨੁਕਸਾਨ ਕਰਦੇ ਹਨ। ਕਿਸੇ ਅਵਾਰਾ ਪਸ਼ੂ ਦੀ ਵਜਾਹ ਕਾਰਨ ਇੱਕ ਘਰ ਦਾ ਚਿਰਾਗ ਬੁਝ ਗਿਆ। ਨੌਜਵਾਨ ਗੁਲਸ਼ਨ 2 ਭੈਣਾਂ ਦਾ ਇਕਲੌਤਾ ਭਰਾ ਸੀ।
ਜੋ ਸੜਕ ਹਾਦਸੇ ਦੀ ਭੇਟ ਚੜ੍ਹ ਗਿਆ। ਗੁਲਸ਼ਨ ਹੁਸ਼ਿਆਰਪੁਰ ਦੇ ਟਾਂਡਾ ਨੇੜਲੇ ਉੜਮੁੜ ਦਾ ਰਹਿਣ ਵਾਲਾ ਸੀ ਅਤੇ ਕੁਝ ਦਿਨ ਪਹਿਲਾਂ ਹੀ 5 ਸਾਲ ਮਗਰੋਂ ਆਸਟ੍ਰੇਲੀਆ ਤੋਂ ਆਇਆ ਸੀ। ਹਾਲ ਹੀ ਵਿੱਚ ਉਸ ਨੇ ਨਵੀਂ ਕਾਰ ਖਰੀਦੀ ਸੀ। ਇਸ ਨਵੀਂ ਕਾਰ ਵਿੱਚ ਸਵਾਰ ਹੋ ਕੇ ਉਹ ਟਾਂਡੇ ਤੋਂ ਹੁਸ਼ਿਆਰਪੁਰ ਵੱਲ ਨੂੰ ਜਾ ਰਿਹਾ ਸੀ।
ਜਦੋਂ ਗੁਲਸ਼ਨ ਟਾਂਡਾ ਹੁਸ਼ਿਆਰਪੁਰ ਰੋਡ ਤੇ ਪੈਂਦੇ ਪਿੰਡ ਹੰਬੜਾਂ ਨੇੜੇ ਬਾਬੇ ਦੇ ਢਾਬੇ ਕੋਲ ਪਹੁੰਚਿਆ ਤਾਂ ਉਸ ਦੀ ਕਾਰ ਅੱਗੇ ਇੱਕ ਅਵਾਰਾ ਪਸ਼ੂ ਆ ਗਿਆ। ਜਿਸ ਨਾਲ ਕਾਰ ਦਾ ਸੰਤੁਲਨ ਵਿਗੜ ਗਿਆ। ਕਾਰ ਬੇਕਾਬੂ ਹੋ ਕੇ ਇੱਕ ਖੜ੍ਹੇ ਟਰੱਕ ਦੇ ਪਿੱਛੇ ਜਾ ਵੱਜੀ। ਜਿਸ ਨਾਲ ਗੁਲਸ਼ਨ ਮੌਕੇ ਤੇ ਹੀ ਦਮ ਤੋੜ ਗਿਆ।
ਕਾਰ ਦੀ ਹਾਲਤ ਦੱਸਦੀ ਹੈ ਕਿ ਟੱਕਰ ਕਿੰਨੀ ਜ਼ੋਰ ਨਾਲ ਹੋਈ ਹੋਵੇਗੀ। ਕਾਰ ਬੁਰੀ ਤਰਾਂ ਨੁਕਸਾਨੀ ਗਈ ਹੈ। ਪੁਲਿਸ ਨੇ ਬਣਦੀ ਕਾਰਵਾਈ ਕਰਨ ਉਪਰੰਤ ਮਿਰਤਕ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।
5 ਸਾਲ ਮਗਰੋਂ ਆਸਟ੍ਰੇਲੀਆ ਤੋਂ ਵਾਪਸ ਆਏ ਭਰਾ ਦਾ ਭੈਣਾਂ ਨੂੰ ਬੜਾ ਚਾਅ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਸ ਤੋਂ ਬਾਅਦ ਸਦੀਵੀ ਵਿਛੋੜਾ ਪੈ ਜਾਣਾ ਹੈ। ਗੁਲਸ਼ਨ ਦੇ ਵਿਛੋੜੇ ਵਿੱਚ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।