ਬੱਚਿਆਂ ਦੁਆਰਾ ਸਿੱਕੇ ਜਾਂ ਕੰਚ ਦੇ ਬੰਟੇ ਨਿਗਲ ਲੈਣ ਦੀਆਂ ਖਬਰਾਂ ਤਾਂ ਅਸੀਂ ਕਈ ਵਾਰ ਸੁਣੀਆਂ ਹਨ ਪਰ ਜੇਕਰ ਕੋਈ ਇਹ ਕਹੇ ਕਿ ਕਿਸੇ ਨੌਜਵਾਨ ਨੇ ਬਲੇਡ ਨਿਗਲ ਲਏ ਹਨ, ਉਹ ਵੀ ਇੱਕ ਜਾਂ ਦੋ ਨਹੀਂ ਸਗੋਂ 56 ਬਲੇਡ, ਤਾਂ ਸਾਨੂੰ ਯਕੀਨ ਨਹੀਂ ਆਉਂਦਾ। ਤੁਸੀਂ ਮੰਨੋ ਜਾਂ ਨਾ ਮੰਨੋ ਪਰ ਇਹ ਗੱਲ ਸੱਚੀ ਹੈ। ਘਟਨਾ ਰਾਜਸਥਾਨ ਦੇ ਜ਼ਿਲ੍ਹਾ ਜਲੌਰ ਦੇ ਸੰਚੌਰ ਦੀ ਹੈ।
ਦਾਤਾ ਦਾ ਰਹਿਣ ਵਾਲਾ 26 ਸਾਲਾ ਨੌਜਵਾਨ ਯਸ਼ਪਾਲ ਸਿੰਘ ਇੱਕ ਕੰਪਨੀ ਵਿੱਚ ਅਕਾਉੰਟੈੰਟ ਦੇ ਤੌਰ ਤੇ ਨੌਕਰੀ ਕਰਦਾ ਹੈ। ਉਸ ਦੇ ਨਾਲ ਉਸ ਦੇ 4 ਦੋਸਤ ਹੋਰ ਵੀ ਨੌਕਰੀ ਕਰਦੇ ਹਨ। ਇਹ ਸਾਰੇ ਬਾਲਾ ਜੀ ਨਗਰ ਵਿੱਚ ਕਮਰਾ ਕਿਰਾਏ ਤੇ ਲੈ ਕੇ ਇਕੱਠੇ ਰਹਿੰਦੇ ਹਨ। ਜਦੋਂ ਯਸ਼ਪਾਲ ਦੇ ਬਾਕੀ ਦੋਸਤ ਡਿਊਟੀ ਚਲੇ ਗਏ ਅਤੇ ਯਸ਼ਪਾਲ ਕਮਰੇ ਵਿੱਚ ਇਕੱਲਾ ਸੀ ਤਾਂ ਉਸ ਦੀ ਸਿਹਤ ਖਰਾਬ ਹੋ ਗਈ।
ਉਸ ਨੇ ਫੋਨ ਕਰਕੇ ਆਪਣੇ ਦੋਸਤਾਂ ਨੂੰ ਬੁਲਾਇਆ। ਦੋਸਤਾਂ ਨੇ ਆ ਕੇ ਦੇਖਿਆ ਤਾਂ ਯਸ਼ਪਾਲ ਉਲਟੀਆਂ ਕਰ ਰਿਹਾ ਸੀ। ਉਸ ਦੇ ਅੰਦਰੋਂ ਲਾਲ ਰੰਗ ਦਾ ਤਰਲ ਨਿਕਲ ਰਿਹਾ ਸੀ। ਦੋਸਤ ਉਸ ਨੂੰ ਹਸਪਤਾਲ ਲੈ ਗਏ। ਸਭ ਤੋਂ ਪਹਿਲਾਂ ਉਸ ਦਾ ਐਕਸਰੇ ਕੀਤਾ ਗਿਆ। ਫਿਰ ਸੋਨੋਗ੍ਰਾਫੀ ਕਰਨ ਤੇ ਉਸ ਦੇ ਪੇਟ ਅੰਦਰ ਬਲੇਡ ਹੀ ਬਲੇਡ ਪਏ ਨਜ਼ਰ ਆਏ।
ਯਸ਼ਪਾਲ ਦੀ ਇੰਡੋਸਕੋਪੀ ਵੀ ਕੀਤੀ ਗਈ। 7 ਡਾਕਟਰਾਂ ਦੀ ਟੀਮ ਨੇ ਲਗਾਤਾਰ 3 ਘੰਟੇ ਦਾ ਅਪ੍ਰੇਸ਼ਨ ਕਰਕੇ ਉਸ ਦੇ ਸਰੀਰ ਅੰਦਰੋੰ 56 ਬਲੇਡ ਕੱਢੇ। ਇਹ ਬਲੇਡ ਸਾਬਤ ਨਹੀਂ ਸਨ ਸਗੋਂ ਹਰੇਕ ਬਲੇਡ ਦੇ 2 ਟੁਕੜੇ ਕੀਤੇ ਹੋਏ ਸਨ। ਯਸ਼ਪਾਲ ਨੇ ਹਰ ਬਲੇਡ ਦੇ 2 ਟੁਕੜੇ ਕੀਤੇ। ਇਸ ਨੂੰ ਕਵਰ ਵਿੱਚ ਲਪੇਟਿਆ ਅਤੇ ਨਿਗਲ ਲਿਆ।
ਜਦੋਂ ਸਰੀਰ ਦੇ ਅੰਦਰ ਜਾ ਕੇ ਕਾਗਜ਼ ਦਾ ਕਵਰ ਗਲ਼ ਗਿਆ ਤਾਂ ਤਿੱਖੇ ਬਲੇਡ ਨੇ ਆਪਣਾ ਕੰਮ ਕਰ ਦਿੱਤਾ। ਜਿਸ ਦੀ ਵਜਾਹ ਕਰਕੇ ਯਸ਼ਪਾਲ ਨੂੰ ਲਾਲ ਰੰਗ ਦੀਆਂ ਉਲਟੀਆਂ ਆਉਣ ਲੱਗੀਆਂ। ਡਾਕਟਰਾਂ ਦਾ ਮੰਨਣਾ ਹੈ ਕਿ ਯਸ਼ਪਾਲ ਨੇ ਡਿਪਰੈਸ਼ਨ ਵਿੱਚ ਅਜਿਹਾ ਕਦਮ ਚੁੱਕਿਆ ਹੋਵੇਗਾ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਯਸ਼ਪਾਲ ਨੇ ਅਜਿਹਾ ਕਿਉੰ ਕੀਤਾ?