ਕਈ ਵਿਅਕਤੀ ਤਾਂ ਦੂਜਿਆਂ ਨੂੰ ਧੋਖਾ ਦੇਣ ਵਿੱਚ ਇੰਨੇ ਮਾਹਿਰ ਹਨ ਕਿ ਹੱਥਾਂ ਉੱਤੇ ਸਰੋਂ ਜਮਾ ਦਿੰਦੇ ਹਨ। ਦੂਜੇ ਵਿਅਕਤੀ ਨੂੰ ਪਤਾ ਹੀ ਉਦੋਂ ਲੱਗਦਾ ਹੈ, ਜਦੋਂ ਸਭ ਕੁਝ ਵਾਪਰ ਚੁੱਕਾ ਹੁੰਦਾ ਹੈ। ਕੁਝ ਇਸ ਤਰਾਂ ਦੀ ਹੀ ਹਰਕਤ ਕੀਤੀ ਇੱਕ ਨੌਜਵਾਨ ਨੇ ਤਲਵੰਡੀ ਸਾਬੋ ਦੇ ਇੱਕ ਪੈਟਰੋਲ ਪੰਪ ਉੱਤੇ।

ਜੋ ਕਾਰ ਵਿੱਚ ਲਗਭਗ 4200 ਰੁਪਏ ਦਾ ਪੈਟਰੋਲ ਪਵਾ ਕੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਦੌੜ ਗਿਆ। ਮੁਲਾਜ਼ਮ ਉਸ ਨੂੰ ਦੇਖਦੇ ਹੀ ਰਹਿ ਗਏ। ਇੱਥੇ ਰਾਮਾ ਰੋਡ ਤੇ ਪੈਂਦੇ ਰਣਵੀਰ ਫਿਲਿੰਗ ਸਟੇਸ਼ਨ ਤੇ ਇੱਕ ਨੌਜਵਾਨ ਕਾਰ ਲੈ ਕੇ ਆਇਆ।

ਉਸ ਨੇ ਕਾਰ ਵਿੱਚ ਤਕਰੀਬਨ 4200 ਰੁਪਏ ਦਾ ਪੈਟਰੋਲ ਪਵਾਇਆ। ਪਹਿਲਾਂ ਤਾਂ ਉਸ ਨੇ ਮੁਲਾਜ਼ਮਾਂ ਨੂੰ ਗੱਲਾਂਬਾਤਾਂ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਪੇਮੈੰਟ ਕਰਨ ਸਮੇਂ ਉਸ ਨੇ ਪੇਟੀਐੱਮ ਤੇ ਰਕਮ ਸਕੈਨ ਕੀਤੀ ਜੋ ਨਹੀਂ ਹੋਈ। ਫਿਰ ਉਹ ਪੰਪ ਮੁਲਾਜ਼ਮਾਂ ਨੂੰ ਕਹਿਣ ਲੱਗਾ ਤੁਸੀਂ ਸਵਾਈਪ ਮਸ਼ੀਨ ਚੁੱਕੋ।

ਆਪ ਉਹ ਕਹਿਣ ਲੱਗਾ ਕਿ ਉਹ ਗੱਡੀ ਵਿੱਚੋਂ ਕਾਰਡ ਚੁੱਕ ਕੇ ਲਿਆ ਰਿਹਾ ਹੈ। ਇਸੇ ਬਹਾਨੇ ਉਹ ਅੱਖ ਦੇ ਫੋਰ ਵਿੱਚ ਗੱਡੀ ਭਜਾ ਕੇ ਲੈ ਗਿਆ। ਇਸ ਤਰਾਂ ਇਹ ਨੌਜਵਾਨ ਪੰਪ ਵਾਲਿਆਂ ਨੂੰ ਚੂਨਾ ਲਗਾ ਕੇ ਰਫੂ ਚੱਕਰ ਹੋ ਗਿਆ। ਪੰਪ ਮਾਲਕ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ।

ਉਨ੍ਹਾ ਦੀ ਮੰਗ ਹੈ ਕਿ ਪੁਲਿਸ ਇਸ ਕਾਰ ਵਾਲੇ ਨੌਜਵਾਨ ਦਾ ਪਤਾ ਲਗਾ ਕੇ ਉਸ ਤੇ ਕਾਰਵਾਈ ਕਰੇ। ਉਹ ਇਹ ਵੀ ਚਾਹੁੰਦੇ ਹਨ ਕਿ ਪੁਲਿਸ ਨੂੰ ਪੈਟਰੋਲ ਪੰਪਾਂ ਤੇ ਗਸ਼ਤ ਕਰਨੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਹੋਰ ਅਜਿਹੀ ਘਟਨਾ ਨਾ ਵਾਪਰ ਸਕੇ।