23 ਸਾਲ ਤੱਕ ਜਿਸ ਨੂੰ ਮ੍ਰਿਤਕ ਸਮਝਦੇ ਰਹੇ, ਅੱਜ ਉਹ ਕਿਵੇਂ ਹੋ ਗਿਆ ਜਿਉਂਦਾ

ਸਾਡਾ ਮੁਲਕ ਇੱਕ ਲੋਕਤੰਤਰੀ ਮੁਲਕ ਹੈ। ਹਰ ਇਨਸਾਨ ਦੇ ਕੁਝ ਮੌਲਿਕ ਅਧਿਕਾਰ ਹਨ। ਇਨ੍ਹਾਂ ਅਧਿਕਾਰਾਂ ਦੀ ਰੱਖਿਆ ਕਰਨਾ ਸਰਕਾਰ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਇਸ ਦੇ ਬਾਵਜੂਦ ਵੀ ਤਕੜੇ ਲੋਕ ਕਮਜ਼ੋਰ ਲੋਕਾਂ ਨਾਲ ਧੱਕਾ ਕਰਦੇ ਹਨ। ਉਨ੍ਹਾਂ ਦੇ ਬੁਨਿਆਦੀ ਹੱਕ ਖੋਹੇ ਜਾਂਦੇ ਹਨ। ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਵੀ ਨਹੀਂ ਲੱਗਦਾ। ਅਸੀਂ ਜਾਣਦੇ ਹਾਂ ਕਿ ਸਮੇਂ ਸਮੇਂ ਤੇ ਮਰਦਮਸ਼ੁਮਾਰੀ ਹੁੰਦੀ ਹੈ। ਕਦੇ ਵੋਟਾਂ ਬਣਦੀਆਂ ਹਨ ਜਾਂ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਹਨ,

ਜਦੋਂ ਪ੍ਰਸ਼ਾਸਨਿਕ ਅਧਿਕਾਰੀ ਪਿੰਡਾਂ ਸ਼ਹਿਰਾਂ ਵਿੱਚ ਹਰ ਘਰ ਵਿੱਚ ਪਹੁੰਚਦੇ ਹਨ। ਕੀ ਉਸ ਸਮੇਂ ਉਨ੍ਹਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਕਿਸੇ ਨੂੰ ਬੰਧੂਆਂ ਮਜ਼ਦੂਰ ਬਣਾਇਆ ਜਾ ਰਿਹਾ ਹੈ ? ਪਟਿਆਲਾ ਤੋਂ 23 ਸਾਲਾਂ ਤੋਂ ਪ੍ਰਤਾਪ ਸਿੰਘ ਨਾਮ ਦੇ ਵਿਅਕਤੀ ਨੂੰ ਬੰਧੂਆਂ ਮਜ਼ਦੂਰ ਬਣਾ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮਿਲੀ ਹੈ ਕਿ ਪ੍ਰਤਾਪ ਸਿੰਘ ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਚੀਚਾ ਦਾ ਰਹਿਣ ਵਾਲਾ ਹੈ।

ਉਹ ਦਸਵੀਂ ਪਾਸ ਕਰਨ ਉਪਰੰਤ 1992 ਵਿੱਚ ਪੰਜਾਬ ਪੁਲੀਸ ਵਿਚ ਐਸ.ਪੀ.ਓ ਵਜੋਂ ਭਰਤੀ ਹੋਇਆ ਸੀ। 6 ਸਾਲ ਨੌਕਰੀ ਕਰਨ ਉਪਰੰਤ ਉਹ ਲਾਪਤਾ ਹੋ ਗਿਆ। ਉਹ ਘਰ ਤੋਂ ਬਾਬਾ ਬਕਾਲਾ ਵਿਖੇ ਡਿਊਟੀ ਕਰਨ ਗਿਆ ਸੀ। ਉਹ 4 ਭਰਾ ਸਨ। ਪ੍ਰਤਾਪ ਦੇ ਵਿਯੋਗ ਵਿੱਚ ਉਸ ਦੇ ਮਾਤਾ ਪਿਤਾ ਅਤੇ ਇੱਕ ਭਰਾ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਬਾਕੀ 2 ਭਰਾਵਾਂ ਨੇ ਵੀ ਇਹ ਹੀ ਸਮਝ ਲਿਆ ਕਿ ਪ੍ਰਤਾਪ ਹੁਣ ਇਸ ਦੁਨੀਆ ਵਿਚ ਨਹੀਂ ਹੈ।

ਪਰਿਵਾਰ ਉਸ ਸਮੇਂ ਹੱਕਾ ਬੱਕਾ ਰਹਿ ਗਿਆ, ਜਦੋਂ ਥਾਣਾ ਘਰਿੰਡਾ ਦੀ ਪੁਲਸ ਨੇ ਉਨ੍ਹਾਂ ਨੂੰ ਆ ਕੇ ਕਿਹਾ ਕਿ ਪ੍ਰਤਾਪ ਜਿਊਂਦਾ ਹੈ ਅਤੇ ਪਟਿਆਲਾ ਵਿਖੇ ਉਸ ਨੂੰ ਕਿਸੇ ਜ਼ਿਮੀਂਦਾਰ ਨੇ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਹੋਇਆ ਹੈ। ਅਸਲ ਵਿੱਚ ਇਸ ਜ਼ਿਮੀਂਦਾਰ ਪਰਿਵਾਰ ਦੀ ਆਪਣੇ ਗੁਆਂਢ ਵਿੱਚ ਕਿਸੇ ਨਾਲ ਅਣਬਣ ਹੋ ਗਈ। ਜਿਸ ਕਰਕੇ ਉਨ੍ਹਾਂ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਇਸ ਦੀ ਦਰਖਾਸਤ ਦੇ ਦਿੱਤੀ ਅਤੇ ਸਾਰਾ ਭੇਤ ਖੁੱਲ੍ਹ ਗਿਆ। ਪ੍ਰਤਾਪ ਨੇ 23 ਸਾਲ ਬਾਅਦ ਵੀ ਆਪਣੇ ਵੱਡੇ ਭਰਾ ਦਿਲਬਾਗ ਸਿੰਘ ਨੂੰ ਪਛਾਣ ਲਿਆ। ਪ੍ਰਤਾਪ ਅਮਲ ਦਾ ਆਦੀ ਹੋ ਚੁੱਕਾ ਹੈ ਅਤੇ ਹੱਡੀਆਂ ਦੀ ਮੁੱਠ ਬਣ ਗਿਆ ਹੈ।

ਜਿਸ ਪਰਿਵਾਰ ਕੋਲ ਉਹ ਰਹਿੰਦਾ ਹੈ, ਉਸ ਨੇ ਪ੍ਰਤਾਪ ਨੂੰ ਅਮਲ ਤੇ ਲਾ ਦਿੱਤਾ ਹੈ ਤਾਂ ਕਿ ਉਹ ਕਿਧਰੇ ਭੱਜ ਨਾ ਜਾਵੇ। ਜੇਕਰ ਪ੍ਰਤਾਪ ਪੁਲੀਸ ਵਿੱਚ ਨੌਕਰੀ ਕਰਦਾ ਹੁੰਦਾ ਤਾਂ ਅੱਜ ਉਸ ਕੋਲ ਚੰਗਾ ਅਹੁਦਾ ਹੋਣਾ ਸੀ। ਉਹ ਚੰਗੀ ਤਨਖ਼ਾਹ ਲੈਂਦਾ ਹੁੰਦਾ ਅਤੇ ਉਸ ਦਾ ਆਪਣਾ ਪਰਿਵਾਰ ਹੁੰਦਾ। ਜਿਸ ਪਰਿਵਾਰ ਨੇ ਉਸ ਤੋਂ 23 ਸਾਲ ਕੰਮ ਕਰਵਾਇਆ ਹੈ, ਉਸ ਦੀ ਮਜ਼ਦੂਰੀ ਦੀ ਕਿੰਨੀ ਰਕਮ ਹੁਣ ਤਕ ਬਣ ਚੁੱਕੀ ਹੋਵੇਗੀ। ਇਸ ਤੋਂ ਬਿਨਾਂ ਉਸ ਦੇ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੋਈ ਹੈ। ਪ੍ਰਤਾਪ ਨਾਲ ਹੁਣ ਤਕ ਜੋ ਵਾਪਰਿਆ ਹੈ, ਕੀ ਉਸ ਨੂੰ ਇਨਸਾਫ਼ ਮਿਲੇਗਾ ? ਇਸ ਸਮੇਂ ਦਾ ਸਭ ਤੋਂ ਵੱਡਾ ਸਵਾਲ ਇਹੋ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *