ਵਿਆਹ ਵਾਲੇ ਘਰ ਚ ਵੜਕੇ ਮਾਰਿਆ ਮੁੰਡਾ, ਮਾਤਮ ਚ ਬਦਲੀਆਂ ਸਾਰੀਆਂ ਖੁਸ਼ੀਆਂ

ਗੁਰਦਾਸਪੁਰ ਦੇ ਪਿੰਡ ਮੌਜਪੁਰ ਵਿੱਚ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਗਮੀ ਵਿਚ ਬਦਲ ਗਈਆਂ, ਜਦੋਂ ਕੁਝ ਨੌਜਵਾਨਾਂ ਨੇ ਉਥੇ ਪਹੁੰਚ ਕੇ 3 ਨੌਜਵਾਨਾਂ ਤੇ ਤਿੱਖੀਆਂ ਚੀਜ਼ਾਂ ਨਾਲ ਵਾਰ ਕਰ ਦਿੱਤੇ। ਜਿਨ੍ਹਾਂ ਤੇ ਵਾਰ ਕੀਤੇ ਗਏ ਹਨ, ਉਨ੍ਹਾਂ ਵਿੱਚ 16-17 ਸਾਲਾ ਗੁਰਪ੍ਰੀਤ ਸਿੰਘ, ਉਸ ਦਾ ਭਰਾ ਅਤੇ ਇਕ ਹੋਰ ਲੜਕਾ ਸ਼ਾਮਲ ਹਨ। ਬਾਅਦ ਵਿੱਚ ਗੁਰਪ੍ਰੀਤ ਸਿੰਘ ਦਾ ਦੇਹਾਂਤ ਹੋ ਗਿਆ। ਇਕ ਲੜਕੇ ਦੇ ਦੱਸਣ ਮੁਤਾਬਕ ਵਾਰ ਕਰਨ ਵਾਲਿਆਂ ਵਿੱਚ ਸੁੱਖਾ ਅਤੇ ਬਾਬਾ ਆਦਿ ਸ਼ਾਮਲ ਸਨ।

ਇਕ ਔਰਤ ਨੇ ਦੱਸਿਆ ਹੈ ਕਿ ਉਸ ਦੇ ਪੁੱਤਰ ਦਾ ਵਿਆਹ ਸੀ ਅਤੇ ਉਹ ਫੇਰਿਆਂ ਤੇ ਗਏ ਹੋਏ ਸਨ। ਪਿੱਛੋਂ ਇਹ ਘਟਨਾ ਵਾਪਰ ਗਈ। ਔਰਤ ਨੇ ਦੱਸਿਆ ਹੈ ਕਿ ਮ੍ਰਿਤਕ ਉਸ ਦੇ ਚਾਚੇ ਸਹੁਰੇ ਦਾ ਪੁੱਤਰ ਸੀ ਅਤੇ ਵਾਰ ਕਰਨ ਵਾਲੇ ਵੀ ਉਨ੍ਹਾਂ ਦੇ ਰਿਸ਼ਤੇਦਾਰ ਹੀ ਹਨ। ਇਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਇਹ ਆਪਸੀ ਪਾਰਟੀਬਾਜ਼ੀ ਦਾ ਨਤੀਜਾ ਹੈ। ਉਨ੍ਹਾਂ ਦੀ ਪਹਿਲਾਂ ਵੀ ਖੁੰਦਕ ਚਲਦੀ ਸੀ। ਉਨ੍ਹਾਂ ਦੀ ਕਿਧਰੇ ਵੀ ਸੁਣਵਾਈ ਨਹੀਂ ਹੋ ਰਹੀ।

ਇਕ ਰਾਜਨੀਤਕ ਆਗੂ ਦੇ ਦੱਸਣ ਮੁਤਾਬਕ ਦੋਸ਼ੀਆਂ ਨੂੰ ਹਲਕਾ ਵਿਧਾਇਕ ਦੀ ਸ਼ਹਿ ਹੈ। ਦੋਸ਼ੀਆਂ ਤੇ ਪਹਿਲਾਂ ਵੀ ਮਾਮਲਾ ਦਰਜ ਹੈ ਪਰ ਸਿਆਸੀ ਸ਼ਹਿ ਹੋਣ ਕਾਰਨ ਇਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਸੀ ਹੋਈ। ਜੇਕਰ ਪੁਲੀਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੁੰਦਾ ਤਾਂ ਇਹ ਘਟਨਾ ਨਾ ਵਾਪਰਦੀ ਅਤੇ ਗੁਰਪ੍ਰੀਤ ਸਿੰਘ ਦੀ ਜਾਨ ਬਚ ਸਕਦੀ ਸੀ। ਇਸ ਆਗੂ ਦਾ ਕਹਿਣਾ ਹੈ ਕਿ ਜਿੰਨੀ ਦੇਰ ਮਾਮਲਾ ਦਰਜ ਨਹੀਂ ਹੁੰਦਾ, ਉਨੀ ਦੇਰ ਉਹ ਮ੍ਰਿਤਕ ਦੇਹ ਲੈ ਕੇ ਨਹੀਂ ਜਾਣਗੇ ਅਤੇ ਇੱਥੇ ਹੀ ਧਰਨਾ ਦੇਣਗੇ।

ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਇਕ ਵਿਆਹ ਸਮਾਗਮ ਦੌਰਾਨ ਕੁਝ ਨੌਜਵਾਨਾਂ ਦੁਆਰਾ 2 ਭਰਾਵਾਂ ਅਤੇ ਇਕ ਹੋਰ ਲੜਕੇ ਤੇ ਤਿੱਖੀ ਚੀਜ਼ ਨਾਲ ਵਾਰ ਕਰਨ ਦੀ ਇਤਲਾਹ ਮਿਲੀ ਸੀ। ਬਾਅਦ ਵਿੱਚ ਇੱਕ ਭਰਾ ਗੁਰਪ੍ਰੀਤ ਸਿੰਘ ਦਾ ਦੇਹਾਂਤ ਹੋ ਗਿਆ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *