12 ਸਾਲ ਦੇ ਬੱਚੇ ਨਾਲ ਜੱਗੋ ਤੇਰਵੀ-ਨਿੱਕੀ ਬੱਚੀ ਪਾਉਂਦੀ ਰਹੀ ਰੋਲਾ, ਨਹੀਂ ਬਚਾ ਪਾਈ ਵੀਰ ਦੀ ਜਾਨ

ਸੰਗਰੂਰ ਦੇ ਪਿੰਡ ਸ਼ੇਰੋਂ ਵਿਖੇ ਵਾਪਰੀ ਇਸ ਮੰਦਭਾਗੀ ਘਟਨਾ ਨੇ ਇੱਕ ਗ਼ਰੀਬ ਪਰਿਵਾਰ ਦੇ ਘਰ ਦਾ ਚਿਰਾਗ ਹੀ ਬੁਝਾ ਦਿੱਤਾ ਹੈ। ਇੱਥੇ ਹੀ ਬੱਸ ਨਹੀਂ, ਇਸ ਬੱਚੇ ਜਗਸੀਰ ਦਾ ਪਿਤਾ ਅਪਾਹਜ ਹੈ, ਜਿਸ ਦੀ ਇੱਕ ਬਾਂਹ ਕੰਮ ਨਹੀਂ ਕਰਦੀ ਅਤੇ ਮਾਂ ਦਿਮਾਗੀ ਤੌਰ ਤੇ ਜਾਗਰੂਕ ਨਹੀਂ ਹੈ। 12 ਸਾਲਾ ਮ੍ਰਿਤਕ ਜਗਸੀਰ ਦੇ ਪਿਤਾ ਨੇ ਦੱਸਿਆ ਹੈ ਕਿ ਉਸ ਦਾ ਬੱਚਾ ਖੇਤਾਂ ਵਿੱਚ ਪੱਠੇ ਕੁਤਰਨ ਲਈ ਗਿਆ ਸੀ। ਉੱਥੇ ਟੋਕੇ ਵਾਲੀ ਮਸ਼ੀਨ ਲੱਗੀ ਹੋਈ ਹੈ। ਬੱਚਾ ਖੇਡਦਾ ਹੋਇਆ ਨੇੜੇ ਛੱਪੜ ਕੋਲ ਚਲਾ ਗਿਆ।

ਠੇਕੇਦਾਰ ਨੇ ਇਹ ਛੱਪੜ ਪੁਟਵਾਏ ਹੋਏ ਹਨ। ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ ਜੇਕਰ ਛੱਪੜ ਦੇ ਦੁਆਲੇ ਜਾਲੀ ਲੱਗੀ ਹੁੰਦੀ ਤਾਂ ਉਸ ਦਾ ਬੱਚਾ ਬਚ ਸਕਦਾ ਸੀ। ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦਾ ਬੱਚਾ ਉਸ ਦਾ ਇੱਕੋ ਇੱਕ ਸਹਾਰਾ ਸੀ। ਉਸ ਨੇ ਠੇਕੇਦਾਰ ਤੇ ਕਾਰਵਾਈ ਦੇ ਨਾਲ ਨਾਲ ਮਾਲੀ ਮਦਦ ਦੀ ਮੰਗ ਕੀਤੀ ਹੈ। ਮ੍ਰਿਤਕ ਬੱਚੇ ਦੇ ਚਾਚੇ ਨੇ ਦੱਸਿਆ ਹੈ ਕਿ ਮ੍ਰਿਤਕ ਦੇ ਪਿਤਾ ਦੀ ਬਾਂਹ ਕੰਮ ਨਹੀਂ ਕਰਦੀ ਅਤੇ ਬੱਚੇ ਦੀ ਮਾਂ ਵੀ ਦਿਮਾਗੀ ਤੌਰ ਤੇ ਤੰਦਰੁਸਤ ਨਹੀਂ ਹੈ।

ਜਦੋਂ ਬੱਚਾ ਛੱਪੜ ਵਿਚ ਡਿੱਗ ਪਿਆ ਤਾਂ ਇਕ ਛੋਟੀ ਬੱਚੀ ਨੇ ਰੌਲਾ ਪਾਇਆ। ਜਦੋਂ ਤਕ ਬੱਚੇ ਨੂੰ ਬਾਹਰ ਕੱਢਿਆ ਗਿਆ, ਉਦੋਂ ਤੱਕ ਉਹ ਦਮ ਤੋੜ ਚੁੱਕਾ ਸੀ। ਮ੍ਰਿਤਕ ਦੇ ਚਾਚੇ ਨੇ ਪਰਿਵਾਰ ਲਈ ਮਾਲੀ ਮਦਦ ਦੀ ਮੰਗ ਕੀਤੀ ਹੈ। ਪਿੰਡ ਦੇ ਹੀ ਇੱਕ ਹੋਰ ਨੌਜਵਾਨ ਮੋਹਨਜੀਤ ਸਿੰਘ ਨੇ ਦੱਸਿਆ ਹੈ ਕਿ ਇਹ ਪਰਿਵਾਰ ਬਹੁਤ ਹੀ ਜ਼ਿਆਦਾ ਗ਼ਰੀਬ ਹੈ। ਉਸ ਨੇ ਇਸ ਘਟਨਾ ਲਈ ਠੇਕੇਦਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਉਸ ਨੇ ਦਲੀਲ ਦਿੱਤੀ ਹੈ ਕਿ ਜੇਕਰ ਠੇਕੇਦਾਰ ਨੇ ਛੱਪੜ ਦੇ ਦੁਆਲੇ ਜਾਲੀ ਲਗਾਈ ਹੁੰਦੀ ਤਾਂ ਇਹ ਘਟਨਾ ਨਹੀਂ ਸੀ ਵਾਪਰਨੀ। ਇਹ ਛੱਪੜ 22 ਫੁੱਟ ਡੂੰਘੇ ਹਨ ਅਤੇ ਠੇਕੇਦਾਰ ਨੇ ਬਿਨਾਂ ਕਿਸੇ ਮਨਜ਼ੂਰੀ ਤੋਂ ਛੱਪੜ ਵਿੱਚ ਪਾਣੀ ਛੱਡਿਆ ਹੈ। ਮੋਹਨਜੀਤ ਸਿੰਘ ਨੇ ਮੰਗ ਕੀਤੀ ਹੈ ਕਿ ਇਸ ਪਰਿਵਾਰ ਨੂੰ ਆਰਥਿਕ ਤੌਰ ਤੇ ਮਦਦ ਮਿਲਣੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਦਾ ਤਾਂ ਬੁਢਾਪੇ ਦਾ ਕੋਈ ਸਹਾਰਾ ਵੀ ਨਹੀਂ ਰਿਹਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *