3 ਜਣਿਆ ਨੇ ਮਿਲਕੇ ਮੇਰਾ ਪਿਓ ਖਤਮ ਕਰਤਾ, ਧਰਨਾ ਲਾਈ ਬੈਠੀ ਧੀ ਨੇ ਰੋ-ਰੋ ਮੰਗਿਆ ਇਨਸਾਫ

ਗੁਰਦਾਸਪੁਰ ਦੇ ਥਾਣਾ ਤਿੱਬੜ ਦੇ ਇਕ ਪਿੰਡ ਦਾ ਪਰਿਵਾਰ 20 ਦਿਨ ਤੋਂ ਇਨਸਾਫ ਲਈ ਭਟਕ ਰਿਹਾ ਹੈ। ਉਨ੍ਹਾਂ ਨੂੰ ਧਰਨੇ ਲਗਾਉਣੇ ਪੈ ਰਹੇ ਹਨ ਪਰ ਕੋਈ ਹੱਲ ਨਹੀਂ ਨਿਕਲ ਰਿਹਾ। ਪਰਿਵਾਰ ਦੇ ਮੈਂਬਰਾਂ ਦਾ ਦੋਸ਼ ਹੈ ਕਿ 2 ਵਿਅਕਤੀਆਂ ਅਤੇ ਇਕ ਔਰਤ ਨੇ 20 ਦਿਨ ਪਹਿਲਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਮਸਤਾਨ ਸਿੰਘ ਦੀ ਜਾਨ ਲੈ ਲਈ ਸੀ। ਇਹ ਦੋਵੇਂ ਵਿਅਕਤੀ ਪੁਲੀਸ ਮੁਲਾਜ਼ਮ ਹਨ। ਜਿਸ ਕਰਕੇ ਪੁਲੀਸ ਇਨ੍ਹਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ।

ਧਰਨੇ ਤੇ ਬੈਠੀ ਮ੍ਰਿਤਕ ਮਸਤਾਨ ਸਿੰਘ ਦੀ ਧੀ ਨੇ ਜਾਣਕਾਰੀ ਦਿੱਤੀ ਹੈ ਕਿ ਲਖਵਿੰਦਰ ਸਿੰਘ ਬੰਟੀ, ਤੇਜਿੰਦਰ ਸਿੰਘ ਲਾਡੀ ਅਤੇ ਬਲਵਿੰਦਰ ਕੌਰ ਤਿੰਨਾਂ ਨੇ ਮਿਲ ਕੇ ਉਸ ਦੇ ਪਿਤਾ ਦੀ ਜਾਨ ਲੈ ਲਈ। ਉਨ੍ਹਾਂ ਨੇ ਪਹਿਲਾਂ ਵੀ ਧਰਨਾ ਦਿੱਤਾ ਸੀ ਅਤੇ ਹੁਣ ਫੇਰ ਉਨ੍ਹਾਂ ਨੂੰ ਧਰਨਾ ਦੇਣਾ ਪੈ ਰਿਹਾ ਹੈ। ਉਹ 20 ਦਿਨ ਤੋਂ ਲਗਾਤਾਰ ਪੁਲੀਸ ਨਾਲ ਸੰਪਰਕ ਕਰ ਰਹੇ ਹਨ। ਪੁਲੀਸ ਦੋਸ਼ੀਆਂ ਨੂੰ ਫੜ ਨਹੀਂ ਰਹੀ। ਲੜਕੀ ਦੇ ਦੱਸਣ ਮੁਤਾਬਕ ਜਦੋਂ ਵੀ ਉਹ ਪੁਲੀਸ ਨੂੰ ਪੁੱਛਦੇ ਹਨ ਤਾਂ ਪੁਲੀਸ ਦਾ ਇੱਕ ਹੀ ਜਵਾਬ ਹੁੰਦਾ ਹੈ ਕਿ ਉਹ ਕੋਸ਼ਿਸ਼ ਕਰ ਰਹੇ ਹਨ।

ਦੋਸ਼ੀਆਂ ਦੇ ਘਰ ਤਾਲਾ ਲੱਗਾ ਹੋਇਆ ਹੈ। ਲੜਕੀ ਦਾ ਮੰਨਣਾ ਹੈ ਕਿ ਪੁਲੀਸ ਦੋਸ਼ੀਆਂ ਨਾਲ ਮਿਲੀ ਹੋਈ ਹੈ। ਜਦੋਂ ਪੁਲੀਸ ਨੇ ਰੇਡ ਕਰਨੀ ਹੁੰਦੀ ਹੈ ਤਾਂ ਖ਼ੁਦ ਹੀ ਦੋਸ਼ੀਆਂ ਨੂੰ ਦੱਸ ਕੇ ਘਰੋਂ ਭਜਾ ਦਿੰਦੀ ਹੈ। ਪੁਲਿਸ ਹੀ ਦੋਸ਼ੀਆਂ ਨੂੰ ਸ਼ਹਿ ਦੇ ਰਹੀ ਹੈ। ਉਨ੍ਹਾਂ ਨੂੰ ਵਾਰ ਵਾਰ ਧਮਕੀਆਂ ਮਿਲ ਰਹੀਆਂ ਹਨ। ਲੜਕੀ ਨੇ ਦੋਸ਼ ਲਗਾਇਆ ਹੈ ਕਿ ਦੋਵੇਂ ਦੋਸ਼ੀਆਂ ਵਿਚੋਂ ਇਕ ਵਿਅਕਤੀ ਅਮਲ ਪਦਾਰਥ ਵੇਚਦਾ ਹੈ, ਜਦਕਿ ਦੂਸਰਾ ਹਰ ਰੋਜ਼ ਲੋਕਾਂ ਨਾਲ ਪੰਗੇ ਕਰਦਾ ਹੈ। ਲੜਕੀ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤਕ ਦੋਸ਼ੀ ਕਾਬੂ ਨਹੀਂ ਕੀਤੇ ਜਾਂਦੇ ਉਹ ਧਰਨਾ ਨਹੀਂ ਚੁੱਕਣਗੇ।

ਇਸ ਲੜਕੀ ਦੇ ਮਾਮੇ ਨੇ ਦੱਸਿਆ ਹੈ ਕਿ ਲਖਵਿੰਦਰ ਸਿੰਘ ਬੰਟੀ ਅਤੇ ਤੇਜਿੰਦਰ ਸਿੰਘ ਲਾਡੀ ਦੋਵੇਂ ਹੀ ਪੁਲਿਸ ਮੁਲਾਜ਼ਮ ਹਨ। ਉਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰ ਦਾ ਕੋਠੀ ਦਾ ਕੰਮ ਚੱਲ ਰਿਹਾ ਸੀ। ਗਲੀ ਵਿੱਚ ਕੁਝ ਮਲਬਾ ਪਿਆ ਸੀ, ਜੋ ਉਹ ਚੁੱਕ ਰਹੇ ਸਨ। ਇੰਨੇ ਵਿਚ ਉਨ੍ਹਾਂ ਦਾ ਗੁਆਂਢੀ ਲਖਵਿੰਦਰ ਸਿੰਘ ਏ ਐੱਸ ਆਈ ਦਾ ਰੂ ਪੀ ਕੇ ਆਇਆ ਅਤੇ ਮਸਤਾਨ ਸਿੰਘ ਨੂੰ ਮੰਦਾ ਬੋਲਣ ਲੱਗਾ। ਲਖਵਿੰਦਰ ਦੀ ਮਦਦ ਲਈ ਤੇਜਿੰਦਰ ਸਿੰਘ ਲਾਡੀ ਅਤੇ ਬਲਵਿੰਦਰ ਕੌਰ ਵੀ ਆ ਗਏ। ਇਨ੍ਹਾਂ ਤਿੰਨਾਂ ਨੇ ਮਿਲ ਕੇ ਮਸਤਾਨ ਸਿੰਘ ਦੀ ਖਿੱਚ ਧੂਹ ਕੀਤੀ।

ਜ਼ਿਆਦਾ ਸੱਟਾਂ ਲੱਗਣ ਕਾਰਨ ਮਸਤਾਨ ਸਿੰਘ ਦਮ ਤੋੜ ਗਿਆ। ਇਸ ਵਿਅਕਤੀ ਦਾ ਕਹਿਣਾ ਹੈ ਕਿ ਪਹਿਲਾਂ ਤਿੱਬੜ ਥਾਣੇ ਦੀ ਪੁਲੀਸ ਪਰਚਾ ਦਰਜ ਨਹੀਂ ਸੀ ਕਰ ਰਹੀ। ਜਿਸ ਕਰਕੇ ਉਨ੍ਹਾਂ ਨੂੰ ਪਰਚਾ ਦਰਜ ਕਰਵਾਉਣ ਲਈ ਧਰਨਾ ਦੇਣਾ ਪਿਆ। ਉਸ ਦੇ ਦੱਸਣ ਮੁਤਾਬਕ ਭਾਵੇਂ ਇਹ ਘਟਨਾ 30 ਜੂਨ ਨੂੰ ਵਾਪਰੀ ਸੀ ਪਰ ਪੁਲੀਸ ਨੇ ਘਟਨਾ ਲਈ ਜ਼ਿੰਮੇਵਾਰ ਦੋਵੇਂ ਵਿਅਕਤੀਆਂ ਅਤੇ ਇਕ ਔਰਤ ਨੂੰ ਹੁਣ ਤੱਕ ਕਾਬੂ ਨਹੀਂ ਕੀਤਾ। ਉਨ੍ਹਾਂ ਨੂੰ ਵਾਰ ਵਾਰ ਧਮਕੀਆਂ ਮਿਲ ਰਹੀਆਂ ਹਨ ਪਰ ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *