ਸੁੱਤੇ ਪਏ ਪਰਿਵਾਰ ਤੇ ਉਤੋਂ ਆ ਡਿੱਗੀ ਮੋਤ, ਪਤਾ ਨਹੀਂ ਕਿਹੜੇ ਜਨਮ ਦਾ ਰੱਬ ਨੇ ਲਿਆ ਬਦਲਾ

ਜਿੱਥੇ ਬੀਤੀ ਰਾਤ ਪਏ ਮੀਂਹ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ, ਉੱਥੇ ਹੀ ਇਹ ਮੀਂਹ ਇਕ ਪਰਿਵਾਰ ਲਈ ਕਾਲ ਸਾਬਤ ਹੋਇਆ। ਘਟਨਾ ਪਾਤੜਾਂ ਦੇ ਪਿੰਡ ਮਤੋਲੀ ਦੀ ਦੱਸੀ ਜਾ ਰਹੀ ਹੈ। ਜਿੱਥੇ ਛੱਤ ਡਿੱਗਣ ਕਾਰਨ ਇੱਕ ਹੀ ਪਰਿਵਾਰ ਦੇ 4 ਜੀਅ ਅੱਖਾਂ ਮੀਟ ਗਏ ਅਤੇ ਇਕ ਔਰਤ ਦੇ ਸੱਟਾਂ ਲੱਗੀਆਂ ਹਨ, ਜਿਸ ਦੀ ਹਾਲਤ ਖ਼ਰਾਬ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਪਰਿਵਾਰ ਦੇ ਪਿੱਛੇ 2 ਕਮਰੇ ਇੱਟ ਬਾਲੇ ਵਾਲੇ ਹਨ ਅਤੇ ਅਗਲੇ ਪਾਸੇ ਬਰਾਂਡਾਂ ਪਾਇਆ ਹੋਇਆ ਸੀ, ਜਿਸ ਤੇ ਡਾਟ ਲੱਗੀ ਹੋਈ ਸੀ।

ਮਕਾਨ ਦੀ ਹਾਲਤ ਖਸਤਾ ਹੈ ਕਿਉਂਕਿ ਮਕਾਨ ਬਣੇ ਨੂੰ ਦੇਰ ਹੋ ਚੁੱਕੀ ਹੈ। ਪਰਿਵਾਰ ਦਾ ਮੁਖੀ ਮੁਖਤਿਆਰ ਸਿੰਘ, ਉਸ ਦੀ ਪਤਨੀ ਸੁਰਿੰਦਰ ਕੌਰ, ਪੁੱਤਰ ਵੰਸ਼ਦੀਪ ਸਿੰਘ, ਧੀਆਂ ਸਿਮਰਨਜੀਤ ਕੌਰ ਅਤੇ ਕਮਲਜੀਤ ਕੌਰ ਪੰਜੇ ਹੀ ਮੈਂਬਰ ਵਰਾਂਡੇ ਵਿਚ ਸੌਂ ਰਹੇ ਸਨ। ਮੁਖਤਿਆਰ ਸਿੰਘ ਦੀ ਬਜ਼ੁਰਗ ਮਾਤਾ ਅਤੇ ਇੱਕ ਭਾਣਜੀ ਜੋ ਆਈ ਹੋਈ ਸੀ, ਪਿੱਛੇ ਕਮਰੇ ਵਿੱਚ ਸੌਂ ਰਹੀਆਂ ਸਨ। ਰਾਤ ਸਮੇਂ ਤੇਜ਼ ਮੀਂਹ ਪੈਣ ਕਾਰਨ ਵਰਾਂਡੇ ਦੀ ਡਾਟ ਵਾਲੀ ਛੱਤ ਡਿੱਗ ਪਈ।

ਜਿਸ ਨਾਲ ਪੰਜੇ ਮੈਂਬਰ ਮਲਬੇ ਹੇਠ ਦੱਬ ਗਏ। ਪਿੰਡ ਵਾਸੀਆਂ ਨੇ ਮਲਬਾ ਹਟਾ ਕੇ ਪਰਿਵਾਰ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਮੁਖਤਿਆਰ ਸਿੰਘ ਉਮਰ 40 ਸਾਲ, ਵੰਸ਼ਦੀਪ ਸਿੰਘ ਉਮਰ 15 ਸਾਲ, ਸਿਮਰਨਜੀਤ ਕੌਰ ਉਮਰ 13 ਸਾਲ ਅਤੇ ਕਮਲਜੀਤ ਕੌਰ ਉਮਰ 11 ਸਾਲ, ਦੀ ਜਾਨ ਜਾ ਚੁੱਕੀ ਸੀ। ਮੁਖਤਿਆਰ ਸਿੰਘ ਦੀ ਪਤਨੀ ਸੁਰਿੰਦਰ ਕੌਰ ਨੂੰ ਖਨੌਰੀ ਦੇ ਮਹਿਤਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਵੰਸ਼ਦੀਪ ਸਿੰਘ ਦਸਵੀਂ ਕਲਾਸ ਵਿੱਚ ਪੜ੍ਹਦਾ ਸੀ। ਪਿੰਡ ਵਾਸੀਆਂ ਨੇ ਸਰਕਾਰ ਤੋਂ ਪਰਿਵਾਰ ਲਈ ਮਾਲੀ ਮੱਦਦ ਦੀ ਮੰਗ ਕੀਤੀ ਹੈ।

ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਮੰਦਭਾਗੀ ਘਟਨਾ ਵਿੱਚ ਪਰਿਵਾਰ ਦੇ 4 ਜੀਅ ਦਮ ਤੋੜ ਗਏ ਹਨ ਅਤੇ ਇਕ ਔਰਤ ਦੀਆਂ ਲੱਤਾਂ ਟੁੱਟ ਗਈਆਂ ਹਨ। ਉਹ ਹਸਪਤਾਲ ਵਿਚ ਭਰਤੀ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਦੇਹਾਂ ਨੂੰ ਸਮਾਣਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਪੁਲੀਸ ਵੱਲੋਂ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Leave a Reply

Your email address will not be published. Required fields are marked *