ਅਮਰੀਕਾ ਤੋਂ ਆਈ ਇੱਕ ਹੋਰ ਮਾੜੀ ਖਬਰ, ਪੰਜਾਬੀ ਮੁੰਡੇ ਦੀ ਟਰੱਕ ਪਲਟਣ ਨਾਲ ਮੋਤ

ਦੁਨੀਆਂ ਦੇ ਲਗਪਗ ਹਰ ਮੁਲਕ ਵਿੱਚ ਪੰਜਾਬੀ ਲੋਕ ਪਹੁੰਚ ਚੁੱਕੇ ਹਨ। ਆਪਣੇ ਕਾਰੋਬਾਰ ਤੋਂ ਲੈ ਕੇ ਕਈਆਂ ਨੇ ਤਾਂ ਰਾਜਨੀਤੀ ਵਿੱਚ ਵੀ ਹਿੱਸਾ ਲਿਆ ਹੈ ਅਤੇ ਸਫਲ ਵੀ ਹੋਏ ਹਨ। ਭਾਵੇਂ ਪੰਜਾਬੀ ਲੋਕ ਵੱਖ ਵੱਖ ਕਿੱਤਿਆਂ ਨਾਲ ਜੁੜੇ ਹੋਏ ਹਨ ਪਰ ਵਿਦੇਸ਼ਾਂ ਵਿੱਚ ਜਾ ਕੇ ਜ਼ਿਆਦਾਤਰ ਡਰਾਇਵਰੀ ਕਰਦੇ ਹਨ। ਪਿਛਲੇ ਦਿਨੀਂ ਅਮਰੀਕਾ ਤੋਂ ਆਏ ਇਕ ਫੋਨ ਨੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਾਣਕੀ ਵਿਚ ਮਾਹੌਲ ਗ਼ਮਗੀਨ ਬਣਾ ਦਿੱਤਾ। ਅਸਲ ਵਿੱਚ ਇਸ ਪਿੰਡ ਨਾਲ ਸਬੰਧਤ ਇਕ ਨੌਜਵਾਨ ਦੀ ਅਮਰੀਕਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਜਾਨ ਚਲੀ ਗਈ।

ਉਸ ਦਾ ਨਾਮ ਹਰਮਿੰਦਰ ਸਿੰਘ ਧਾਲੀਵਾਲ ਸੀ ਅਤੇ ਉਸ ਦੀ ਉਮਰ 36 ਸਾਲ ਸੀ। ਹਰਮਿੰਦਰ ਸਿੰਘ ਉਥੇ ਟਰੱਕ ਚਲਾਉਂਦਾ ਸੀ। ਜਿਸ ਕੰਪਨੀ ਦਾ ਇਹ ਟਰੱਕ ਸੀ, ਉਸ ਕੰਪਨੀ ਦੇ ਮਾਲਕ ਵੀ ਪੰਜਾਬੀ ਹਨ। ਹਾਦਸੇ ਸਮੇਂ ਹਰਮਿੰਦਰ ਸਿੰਘ ਵਾਸ਼ਿੰਗਟਨ ਜਾ ਰਿਹਾ ਸੀ। ਕਿਸੇ ਵਿਅਕਤੀ ਨੇ 911 ਤੇ ਫੋਨ ਕਰਕੇ ਪੁਲੀਸ ਨੂੰ ਜਾਣਕਾਰੀ ਦਿੱਤੀ ਕਿ ਦੱਖਣੀ ਬੈਂਟਨ ਕਾਉਂਟੀ ਵਿੱਚ ਪੈਂਦੇ ਹਾਈਵੇਅ ਨੰਬਰ 14 ਦੀ ਸੜਕ ਤੇ ਇਕ ਹਾਦਸਾ ਵਾਪਰਿਆ ਹੈ।

ਹਰਮਿੰਦਰ ਸਿੰਘ ਦਾ ਟਰੱਕ ਜਾਂਦੇ ਜਾਂਦੇ ਰੋਡ ਤੇ ਪਲਟ ਗਿਆ ਸੀ। ਜਿਸ ਕਰਕੇ ਹਰਮਿੰਦਰ ਸਿੰਘ ਘਟਨਾ ਸਥਾਨ ਤੇ ਹੀ ਅੱਖਾਂ ਮੀਟ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਉਸ ਨੇ ਸੀਟ ਬੈਲਟ ਦੀ ਵਰਤੋਂ ਨਹੀਂ ਸੀ ਕੀਤੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸਾ ਵਾਪਰਨ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਕਿਸੇ ਪੰਜਾਬੀ ਨੌਜਵਾਨ ਦੀ ਵਿਦੇਸ਼ ਵਿੱਚ ਸੜਕ ਹਾਦਸੇ ਵਿੱਚ ਜਾਨ ਗਈ ਹੋਵੇ।

ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਕਿੰਨੇ ਹੀ ਨੌਜਵਾਨ ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ਾਂ ਵੱਲ ਵਹੀਰਾਂ ਘੱਤੀ ਤੁਰੇ ਜਾ ਰਹੇ ਹਨ। ਜੇਕਰ ਇਨ੍ਹਾਂ ਨੂੰ ਆਪਣੇ ਮੁਲਕ ਵਿੱਚ ਹੀ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾਣ ਤਾਂ ਇਨ੍ਹਾਂ ਨੂੰ ਵਿਦੇਸ਼ ਜਾਣ ਦੀ ਲੋੜ ਹੀ ਨਾ ਪਵੇ। ਹਰਮਿੰਦਰ ਸਿੰਘ ਨਾਲ ਵਾਪਰੇ ਭਾਣੇ ਕਾਰਨ ਅਮਰੀਕਾ ਵਿਖੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।

Leave a Reply

Your email address will not be published. Required fields are marked *