ਕੁੜੀ ਨੂੰ ਵੇਚਣ ਦੀ ਖਬਰ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਮੌਕੇ ਤੇ ਪਹੁੰਚਕੇ ਦੇਖਿਆ ਤਾਂ ਹੋਰ ਹੀ ਮਾਮਲਾ ਨਿਕਲਿਆ

ਉੱਤਰ ਪ੍ਰਦੇਸ਼ ਵਿਚ ਕਾਨਪੁਰ ਦੇ ਥਾਣਾ ਮੰਗਲਪੁਰ ਦੀ ਪੁਲੀਸ ਨੂੰ ਉਸ ਸਮੇਂ ਭਾਜੜ ਪੈ ਗਈ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਲੜਕੀ ਨੂੰ ਵੇਚਿਆ ਜਾ ਰਿਹਾ ਹੈ। ਕੁੜੀ ਨੂੰ ਵਰਗਲਾ ਕੇ ਲਿਆਂਦਾ ਗਿਆ ਹੈ। ਪੁਲੀਸ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਮੁੰਡੇ ਅਤੇ ਕੁੜੀ ਨੂੰ ਥਾਣੇ ਲੈ ਆਂਦਾ। ਜਦੋਂ ਪੁੱਛ ਗਿੱਛ ਕੀਤੀ ਗਈ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ। ਲੜਕੀ ਨੇ ਦੱਸਿਆ ਕਿ ਉਸ ਦਾ ਨਾਮ ਸ਼ਾਲਿਨੀ ਹੈ ਅਤੇ ਉਸ ਦੇ ਪਿਤਾ ਪੁਲੀਸ ਵਿੱਚ ਨੌਕਰੀ ਕਰਦੇ ਹਨ।

ਸ਼ਾਲਿਨੀ ਦੇ ਦੱਸਣ ਮੁਤਾਬਕ ਉਸ ਦੇ ਬਲਾਈ ਖੁਰਦ ਦੇ ਲੜਕੇ ਪਿੰਕੂ ਨਾਲ ਪ੍ਰੇਮ ਸਬੰਧ ਹਨ। ਉਹ ਦੋਵੇਂ ਹੀ ਅਲੱਗ ਅਲੱਗ ਭਾਈਚਾਰਿਆਂ ਨਾਲ ਸਬੰਧਤ ਹਨ। ਲੜਕੀ ਨੇ ਦੱਸਿਆ ਹੈ ਕਿ ਉਹ ਦੋਵੇਂ ਵਿਆਹ ਕਰਾਉਣਾ ਚਾਹੁੰਦੇ ਹਨ ਪਰ ਸ਼ਾਲਿਨੀ ਦੇ ਪਿਤਾ ਨੂੰ ਇਹ ਵਿਆਹ ਮਨਜ਼ੂਰ ਨਹੀਂ। ਉਸ ਨੂੰ ਆਪਣੀ ਵਰਦੀ ਤੇ ਮਾਣ ਹੈ। ਜਿਸ ਕਰਕੇ ਸ਼ਾਲਿਨੀ ਨੇ ਘਰ ਤੋਂ ਭੱਜਣ ਦਾ ਫ਼ੈਸਲਾ ਕਰ ਲਿਆ। ਇੱਥੇ ਉਹ ਪਿੰਕੂ ਨਾਲ ਕਾਨਪੁਰ ਪਹੁੰਚ ਗਈ। ਇੱਥੋਂ ਉਨ੍ਹਾਂ ਨੂੰ ਪੁਲੀਸ ਲੈ ਆਈ।

ਸਾਰੀ ਸਥਿਤੀ ਨੂੰ ਸਮਝਦੇ ਹੋਏ ਥਾਣਾ ਮੁਖੀ ਨੇ ਸ਼ਾਲਿਨੀ ਅਤੇ ਪਿੰਕੂ ਦੇ ਪਰਿਵਾਰ ਵਾਲਿਆਂ ਨੂੰ ਵੀ ਥਾਣੇ ਵਿੱਚ ਬੁਲਾ ਲਿਆ। ਆਖ਼ਰ ਪੁਲੀਸ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਅਤੇ ਦੋਨੋਂ ਪਰਿਵਾਰ ਵਿਆਹ ਲਈ ਰਾਜ਼ੀ ਹੋ ਗਏ। ਪਿੰਕੂ ਅਤੇ ਸ਼ਾਲਿਨੀ ਦਾ ਥਾਣੇ ਦੇ ਨਾਲ ਲੱਗਦੇ ਮੰਦਿਰ ਵਿਚ ਹੀ ਵਿਆਹ ਕਰ ਦਿੱਤਾ ਗਿਆ। ਦੋਵਾਂ ਨੇ ਇੱਕ ਦੂਜੇ ਨੂੰ ਵਰਮਾਲਾ ਪਾ ਦਿੱਤੀ। ਥਾਣੇ ਵਿੱਚ ਵਿਆਹ ਹੋਣ ਕਰਕੇ ਮੇਲ਼ੀ ਅਤੇ ਬਰਾਤੀ ਵੀ ਪੁਲਿਸ ਵਾਲੇ ਹੀ ਸਨ।

ਕੁਝ ਮੁਲਾਜ਼ਮ ਥਾਣੇ ਵਿੱਚ ਮੌਜੂਦ ਸਨ ਅਤੇ ਕੁਝ ਲੜਕੀ ਦੇ ਪਿਤਾ ਨਾਲ ਆ ਗਏ। ਇਸ ਤਰ੍ਹਾਂ ਥਾਣੇ ਵਿਚ ਹੀ ਇਹ ਵਿਆਹ ਹੋ ਗਿਆ ਅਤੇ ਮੁਲਾਜ਼ਮਾਂ ਨੇ ਹੀ ਮੁੰਡੇ ਕੁੜੀ ਨੂੰ ਅਸ਼ੀਰਵਾਦ ਦਿੱਤਾ। ਇਸ ਤਰ੍ਹਾਂ ਪਿੰਕੂ ਅਤੇ ਸ਼ਾਲਿਨੀ ਦਾ ਪ੍ਰੇਮ ਸਿਰੇ ਚੜ੍ਹ ਗਿਆ। ਕਿੱਥੇ ਤਾਂ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਲੜਕੀ ਨੂੰ ਵੇਚਿਆ ਜਾ ਰਿਹਾ ਹੈ ਅਤੇ ਕਿੱਥੇ ਪੁਲੀਸ ਨੇ ਹੀ ਇਸ ਵਿਆਹ ਨੂੰ ਸਿਰੇ ਚੜ੍ਹਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਹਰ ਪਾਸੇ ਇਸ ਵਿਆਹ ਦੀ ਚਰਚਾ ਹੋ ਰਹੀ ਹੈ।

Leave a Reply

Your email address will not be published. Required fields are marked *