ਜਿਸ ਪੁਲਿਸ ਵਾਲੇ ਨੂੰ ਕੁਝ ਦਿਨ ਪਹਿਲਾਂ ਮਿਲਿਆ ਸੀ ਇਨਾਮ, ਅੱਜ ਨਾਕੇ ਤੇ ਖੜੇ ਦਾ ਹੈਲਮਟ ਮਾਰਕੇ ਪਾੜਤਾ ਸਿਰ

ਕਈ ਵਿਅਕਤੀਆਂ ਦੀ ਆਦਤ ਹੈ, ਜਿੱਥੇ ਦੇਖਦੇ ਹਨ ਪੰਗਾ ਲੈ ਲੈਂਦੇ ਹਨ। ਉਹ ਘਾਟਾ ਵਾਧਾ ਨਹੀਂ ਸੋਚਦੇ। ਬਾਅਦ ਵਿਚ ਇਨ੍ਹਾਂ ਲੋਕਾਂ ਨੂੰ ਪਛਤਾਉਣਾ ਵੀ ਪੈਂਦਾ ਹੈ, ਕਿਉਂਕਿ ਕਈ ਵਾਰੀ ਜ਼ਿੰਦਗੀ ਕੌੜੇ ਤਜਰਬੇ ਵੀ ਕਰਵਾ ਦਿੰਦੀ ਹੈ। ਲੁਧਿਆਣਾ ਦੇ ਫੁਹਾਰਾ ਚੌਕ ਵਿੱਚ ਕਿਸੇ ਮੋਟਰਸਾਈਕਲ ਸਵਾਰ ਤੇ ਟਰੈਫਿਕ ਪੁਲੀਸ ਅਧਿਕਾਰੀ ਜਸਬੀਰ ਸਿੰਘ ਦੀ ਖਿੱਚ ਧੂਹ ਕਰਨ, ਉਸ ਦੀ ਸ਼ਰ੍ਹੇਆਮ ਪੱਗ ਉਤਾਰਨ ਅਤੇ ਸੱਟਾਂ ਲਾਉਣ ਦੇ ਦੋਸ਼ ਲੱਗੇ ਹਨ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਮੋਟਰਸਾਈਕਲ ਵਾਲੇ ਇਸ ਨੌਜਵਾਨ ਨੂੰ ਕਾਬੂ ਕਰ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਖਿੱਚ ਧੂਹ ਹੋਣ ਅਤੇ ਪੱਗ ਉਤਰ ਜਾਣ ਦੇ ਬਾਵਜੂਦ ਵੀ ਪੁਲੀਸ ਅਧਿਕਾਰੀ ਜਸਬੀਰ ਸਿੰਘ ਆਪਣੀ ਡਿਊਟੀ ਕਰਦਾ ਰਿਹਾ। ਮੌਕੇ ਤੇ ਹਾਜ਼ਰ ਕੁੱਝ ਲੋਕਾਂ ਨੇ ਵੀ ਜਸਬੀਰ ਸਿੰਘ ਨਾਲ ਧੱਕਾ ਹੋਣ ਦੀ ਗੱਲ ਆਖੀ ਹੈ। ਉਨ੍ਹਾਂ ਦੀਆਂ ਨਜ਼ਰਾਂ ਵਿੱਚ ਜਸਬੀਰ ਸਿੰਘ ਇੱਕ ਸਾਊ ਅਤੇ ਈਮਾਨਦਾਰ ਪੁਲੀਸ ਮੁਲਾਜ਼ਮ ਹੈ। ਇੱਥੇ ਦੱਸਣਾ ਬਣਦਾ ਹੈ ਕਿ 15 ਅਗਸਤ ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਟ੍ਰੈਫਿਕ ਪੁਲੀਸ ਦੇ ਮੁਲਾਜ਼ਮ ਜਸਬੀਰ ਸਿੰਘ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਵਾਲੇ ਨੌਜਵਾਨ ਨੇ ਟ੍ਰੈਫਿਕ ਪੁਲੀਸ ਮੁਲਾਜ਼ਮ ਜਸਬੀਰ ਸਿੰਘ ਤੇ ਹੈਲਮਟ ਨਾਲ ਵਾਰ ਕੀਤੇ ਹਨ। ਜਸਬੀਰ ਸਿੰਘ ਦੇ ਲੱਗੀਆਂ ਹੋਈਆਂ ਸੱਟਾਂ ਸਾਫ ਨਜ਼ਰ ਆ ਰਹੀਆਂ ਹਨ। ਜਸਬੀਰ ਸਿੰਘ ਦੇ ਦੱਸਣ ਮੁਤਾਬਕ ਉਸ ਦੀ ਡਿਊਟੀ ਫੁਹਾਰਾ ਚੌਕ ਵਿੱਚ ਹੈ। ਉਹ ਟ੍ਰੈਫਿਕ ਨੂੰ ਕੰਟਰੋਲ ਕਰ ਰਹੇ ਸੀ। ਉਨ੍ਹਾਂ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਪਿੱਛੇ ਹੀ ਰੁਕ ਜਾਣ ਲਈ ਕਿਹਾ ਪਰ ਇਸ ਮੋਟਰਸਾਈਕਲ ਵਾਲੇ ਨੇ ਉਨ੍ਹਾਂ ਤੇ ਮੰਦਾ ਬੋਲਣ ਦੇ ਦੋਸ਼ ਲਗਾਉਂਦੇ ਹੋਏ ਉਨ੍ਹਾਂ ਤੇ ਹੱਥ ਚੁੱਕ ਲਿਆ।

ਜਸਬੀਰ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਮੋਟਰਸਾਈਕਲ ਵਾਲੇ ਨੇ ਉਨ੍ਹਾਂ ਦੇ ਚਪੇੜ ਮਾਰ ਕੇ ਉਨ੍ਹਾਂ ਦੀ ਪੱਗ ਲਾਹ ਦਿੱਤੀ ਅਤੇ ਫੇਰ ਉਨ੍ਹਾਂ ਤੇ ਹੈਲਮਟ ਨਾਲ ਵਾਰ ਕੀਤੇ। ਜਸਬੀਰ ਸਿੰਘ ਦੇ ਦੱਸਣ ਮੁਤਾਬਕ ਮੋਟਰਸਾਈਕਲ ਵਾਲੇ ਨੇ ਕੋਈ ਅਮਲ ਕੀਤਾ ਹੋਇਆ ਸੀ। ਜਸਬੀਰ ਸਿੰਘ ਨੇ ਆਪਣੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਮੋਟਰਸਾਈਕਲ ਚਾਲਕ ਤੇ ਬਣਦੀ ਕਾਰਵਾਈ ਕੀਤੀ ਜਾਵੇ। ਪੁਲੀਸ ਨੇ ਉਪਰੋਕਤ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *