ਲੱਖਾਂ ਖਰਚਕੇ ਵੀ ਵਿਦਿਆਰਥੀ ਨਹੀਂ ਪਹੁੰਚ ਪਾ ਰਹੇ ਕਨੇਡਾ ਆਸਟ੍ਰੇਲੀਆ

ਕੋਰੋਨਾ ਨਾਲ ਨਜਿੱਠਦੇ ਹੋਏ ਸੰਸਾਰ ਨੂੰ ਲਗਭਗ 2 ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਅਸੀਂ ਪੂਰਨ ਰੂਪ ਵਿਚ ਕਾਮਯਾਬ ਨਹੀਂ ਹੋਏ। ਰੁਕ ਰੁਕ ਕੇ ਅਲੱਗ ਅਲੱਗ ਮੁਲਕਾਂ ਵਿੱਚ ਇਸ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਜਿਸ ਨਾਲ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਇਸ ਨਾਲ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਉਹ ਆਪਣੀਆਂ ਫੀਸਾਂ ਭਰਨ ਦੇ ਬਾਵਜੂਦ ਵੀ ਸਿੱਖਿਆ ਕੇਂਦਰਾਂ ਤੱਕ ਪਹੁੰਚਣ ਤੋਂ ਅਸਮਰੱਥ ਹਨ, ਕਿਉਂ ਕਿ ਕੌਮਾਂਤਰੀ ਉਡਾਣਾਂ ਬੰਦ ਹਨ।

ਅਜਿਹੇ ਵਿਚ ਵਿਦਿਆਰਥੀ ਕਰਨ ਤਾਂ ਕੀ ਕਰਨ? ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ਦੀ ਪਾਬੰਦੀ 21 ਸਤੰਬਰ ਤੱਕ ਹੋਰ ਵਧਾ ਦਿੱਤੀ ਹੈ। ਆਸਟ੍ਰੇਲੀਆ ਦੀ ਸਰਹੱਦ ਪਹਿਲਾਂ ਹੀ ਬੰਦ ਕੀਤੀ ਜਾ ਚੁੱਕੀ ਹੈ। ਵਿਦਿਆਰਥੀਆਂ ਨੂੰ ਨਿੱਜੀ ਤੌਰ ਤੇ ਪੜ੍ਹਾਈ ਦੀ ਆਗਿਆ ਦੇਣ ਦੀ ਬਜਾਏ ਆਸਟਰੇਲੀਆ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਜਾਰੀ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਕਈ ਭਾਰਤੀ ਕੌਮਾਂਤਰੀ ਵਿਦਿਆਰਥੀ ਪੰਜਾਬ ਦੇ ਅਜਿਹੇ ਪਿੰਡਾਂ ਵਿੱਚ ਰਹਿੰਦੇ ਹਨ, ਜਿੱਥੇ ਇੰਟਰਨੈੱਟ ਦੀ ਸਹੂਲਤ ਹੀ ਨਹੀਂ। ਕਈ ਹਿੰਮਤੀ ਕੌਮਾਂਤਰੀ ਵਿਦਿਆਰਥੀ ਆਪਣੇ ਸਿੱਖਿਆ ਕੇਂਦਰਾਂ ਵਿੱਚ ਕੈਨੇਡਾ ਜਾਂ ਆਸਟਰੇਲੀਆ ਪਹੁੰਚਣ ਲਈ ਬੁਕਿੰਗ ਕਰਵਾਉਣ ਵਿੱਚ ਭਾਵੇਂ ਸਫ਼ਲ ਹੋ ਜਾਂਦੇ ਹਨ ਪਰ ਸਮੇਂ ਤੇ ਆ ਕੇ ਉਡਾਣ ਰੱਦ ਹੋ ਜਾਂਦੀ ਹੈ।

ਇਸ ਤਰ੍ਹਾਂ ਖਰਚੇ ਗਏ ਪੈਸੇ ਅਜਾਈਂ ਚਲੇ ਜਾਂਦੇ ਹਨ। ਕਈ ਵਾਰ ਜਦੋਂ ਦਿੱਲੀ ਤੋਂ ਟੋਰਾਂਟੋ ਜਾਣ ਵਾਲੀ ਕੋਈ ਉਡਾਣ ਦੋਹਾ ਜਾ ਕੇ ਰੁਕਦੀ ਹੈ ਤਾਂ ਉੱਥੇ ਉਡਾਣ ਰੱਦ ਹੋ ਜਾਂਦੀ ਹੈ ਅਤੇ ਵਿਦਿਆਰਥੀਆਂ ਨੂੰ 10 ਦਿਨ ਲਈ ਕੁਆਰਨਟਾਇਨ ਹੋਣਾ ਪੈ ਜਾਂਦਾ ਹੈ। ਇਸ ਤਰ੍ਹਾਂ ਕੌਮਾਂਤਰੀ ਵਿਦਿਆਰਥੀ ਪੈਸੇ ਖਰਚਣ ਦੇ ਬਾਵਜੂਦ ਵੀ ਵਿਦੇਸ਼ ਜਾਣ ਤੋਂ ਅਤੇ ਸਿੱਖਿਆ ਹਾਸਲ ਕਰਨ ਤੋਂ ਵਾਂਝੇ ਰਹਿ ਰਹੇ ਹਨ।

Leave a Reply

Your email address will not be published. Required fields are marked *