ਟੂਣਾ ਨਾ ਮੰਨਣ ਤੇ ਬਾਈਕਾਟ ਵਾਲੇ ਪਿੰਡ ਤੋਂ ਆਈ, ਇਕ ਹੋਰ ਵੱਡੀ ਤਾਜ਼ਾ ਖਬਰ

ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਵਿਚ ਕੁਝ ਦਿਨ ਪਹਿਲਾਂ ਜੋ ਮਾਮਲਾ ਤੂਲ ਫੜ ਗਿਆ ਸੀ ਹੁਣ ਉਹ ਲਗਪਗ ਸੁਲਝਾਇਆ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪਿੰਡ ਮਿਰਜੇਆਣਾ ਵਿਚ ਪਸ਼ੂਆਂ ਨੂੰ ਮੂੰਹ ਖੁਰ ਦੇ ਰੋਗ ਤੋਂ ਬਚਾਉਣ ਲਈ ਪਿੰਡ ਵਾਸੀਆਂ ਵੱਲੋਂ ਮਲੇਰਕੋਟਲਾ ਤੋਂ ਕੋਈ ਵਿਅਕਤੀ ਬੁਲਾਇਆ ਗਿਆ ਸੀ। ਜਿਸ ਨੇ ਧਾਗੇ ਅਤੇ ਟੂਣੇ ਦੇ ਜ਼ਰੀਏ ਪਸ਼ੂਆਂ ਨੂੰ ਇਸ ਚੱਕਰ ਤੋਂ ਬਚਾਉਣ ਦਾ ਉਪਾਅ ਦੱਸਿਆ ਸੀ। ਬਾਬਾ ਕਹੇ ਜਾਣ ਵਾਲੇ ਇਸ ਵਿਅਕਤੀ ਨੇ ਦੱਸਿਆ ਸੀ

ਕਿ ਰਾਤ ਨੂੰ ਪਿੰਡ ਵਿੱਚ ਲਾਈਟ ਨਹੀਂ ਜਗਾਈ ਜਾਏਗੀ। ਪਿੰਡ ਦੀ ਧਰਮਸ਼ਾਲਾ ਵਿੱਚ ਹਵਨ ਕਰ ਕੇ ਇਕ ਧਾਗਾ ਟੰਗਿਆ ਜਾਵੇਗਾ। ਤੜਕੇ 3 ਵਜੇ ਸਾਰੇ ਪਿੰਡ ਦੇ ਪਸ਼ੂ ਉਸ ਧਾਗੇ ਦੇ ਥੱਲਿਓਂ ਲੰਘਾਏ ਜਾਣਗੇ। ਇਸ ਤੋਂ ਬਿਨਾਂ ਸਾਰੇ ਪਿੰਡ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਜਾਣਗੇ ਅਤੇ ਟੀਮ ਵੱਲੋਂ ਘਰਾਂ ਵਿਚ ਧੂਫ ਬੱਤੀ ਕੀਤੀ ਜਾਵੇਗੀ। ਇਹ ਫ਼ੈਸਲਾ ਸਾਰੇ ਪਿੰਡ ਨੇ ਸਵੀਕਾਰ ਕੀਤਾ ਸੀ ਪਰ ਪਿੰਡ ਦੇ ਪ੍ਰੀਤਮ ਸਿੰਘ ਪੁੱਤਰ ਮੁਕੰਦ ਸਿੰਘ ਦੇ ਗੁਰਸਿੱਖ ਪਰਿਵਾਰ ਨੇ ਇਸ ਫ਼ੈਸਲੇ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ ਸੀ। ਇਸ ਪਰਿਵਾਰ ਦੇ ਨੌਜਵਾਨ ਅਵਤਾਰ ਸਿੰਘ ਨੇ ਦਰਬਾਰ ਸਾਹਿਬ ਜਾਣਾ ਸੀ।

ਜਿਸ ਕਰਕੇ ਉਸ ਨੇ ਰਾਤ ਨੂੰ 11 ਵਜੇ ਤਿਆਰੀ ਕਰਦੇ ਸਮੇ ਘਰ ਦੇ ਇਕ ਕਮਰੇ ਦੀ ਲਾਈਟ ਜਗਾ ਲਈ ਸੀ। ਇਸ ਤੋਂ ਬਾਅਦ ਪਿੰਡ ਦੇ ਸਰਪੰਚ ਮਲਕੀਤ ਸਿੰਘ ਨੇ ਪਿੰਡ ਦੇ ਇੱਕ ਇਕੱਠ ਵਿੱਚ ਇਹ ਫ਼ੈਸਲਾ ਸੁਣਾਇਆ ਸੀ ਕਿ ਪਿੰਡ ਵੱਲੋਂ ਪ੍ਰੀਤਮ ਸਿੰਘ ਦੇ ਪਰਿਵਾਰ ਦਾ ਸਮਾਜਿਕ ਬਾਈਕਾਟ ਕੀਤਾ ਜਾਂਦਾ ਹੈ। ਪਿੰਡ ਦਾ ਕੋਈ ਵੀ ਵਿਅਕਤੀ ਇਸ ਪਰਿਵਾਰ ਨਾਲ ਕੋਈ ਸਬੰਧ ਨਹੀਂ ਰੱਖੇਗਾ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਈ ਸੀ।

ਇਸ ਤੋਂ ਬਾਅਦ ਅਵਤਾਰ ਸਿੰਘ ਨੇ ਡਿਪਟੀ ਕਮਿਸ਼ਨਰ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਸ ਮਸਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਇਕ ਟੀਮ ਨੂੰ ਪਿੰਡ ਮਿਰਜੇਆਣਾ ਵਿਚ ਭੇਜਿਆ ਗਿਆ। ਸਿੰਘਾਂ ਦੀ ਇਸ ਟੀਮ ਨੇ ਪ੍ਰੀਤਮ ਸਿੰਘ ਦੇ ਪਰਿਵਾਰ, ਪਿੰਡ ਦੇ ਸਰਪੰਚ ਅਤੇ ਹੋਰ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਬਾਅਦ ਪਿੰਡ ਦੇ ਸਰਪੰਚ ਮਲਕੀਤ ਸਿੰਘ ਨੇ ਮੁਆਫੀ ਮੰਗ ਲਈ ਹੈ।

ਉਸ ਦਾ ਕਹਿਣਾ ਕਿ ਉਹ ਖੁਦ ਵੀ ਟੂਣੇ ਮੰਤਰ ਵਿਚ ਵਿਸ਼ਵਾਸ ਨਹੀਂ ਕਰਦਾ ਪਰ ਇਹ ਪਿੰਡ ਦਾ ਫੈਸਲਾ ਸੀ ਨਾ ਕਿ ਪੰਚਾਇਤ ਦਾ। ਉਨ੍ਹਾਂ ਨੇ ਤਾਂ ਸਿਰਫ ਇਹ ਫੈਸਲਾ ਪੜ੍ਹ ਕੇ ਹੀ ਸੁਣਾਇਆ ਸੀ। ਸਰਪੰਚ ਨੇ ਭਰੋਸਾ ਦਿੱਤਾ ਹੈ ਕਿ ਪ੍ਰੀਤਮ ਸਿੰਘ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ। ਦਮਦਮਾ ਸਾਹਿਬ ਤੋਂ ਪਹੁੰਚੀ ਟੀਮ ਦਾ ਕਹਿਣਾ ਹੈ ਕਿ ਉਨ੍ਹਾ ਵੱਲੋਂ ਰਿਪੋਰਟ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪ ਦਿੱਤੀ ਜਾਵੇਗੀ ਅਤੇ ਅਗਲਾ ਫੈਸਲਾ ਉਨ੍ਹਾਂ ਵੱਲੋਂ ਕੀਤਾ ਜਾਵੇਗਾ।

Leave a Reply

Your email address will not be published. Required fields are marked *