ਖੁਦ ਨੂੰ ਅੱਗ ਲਗਾਕੇ ਦੇਣ ਲੱਗਾ ਸੀ ਜਾਨ, ਪੁਲਿਸ ਨੇ ਫੁਰਤੀ ਦਿਖਾ ਕੇ ਕੀਤਾ ਕਾਬੂ

ਮੁਲਕ ਨੂੰ ਆਜ਼ਾਦ ਹੋਏ ਪੌਣੀ ਸਦੀ ਬੀਤਣ ਵਾਲੀ ਹੈ। ਅਜੇ ਵੀ ਸਮੇਂ ਦੀਆਂ ਸਰਕਾਰਾਂ ਨੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਲਈ ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਕੀਤਾ। ਕੁਝ ਗੁੰਜਾਇਸ਼ ਵਾਲੇ ਲੋਕ ਤਾਂ ਪੈਸਾ ਖਰਚ ਕਰਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜੀ ਜਾ ਰਹੇ ਹਨ ਪਰ ਦੂਜੇ ਪਾਸੇ ਗ਼ਰੀਬ ਲੋਕਾਂ ਦੇ ਬੱਚੇ ਇੱਥੇ ਹੀ ਬੇਰੁਜ਼ਗਾਰ ਰੁਲ ਰਹੇ ਹਨ। ਆਜ਼ਾਦੀ ਘੁਲਾਟੀਆਂ ਨੇ ਮੁਲਕ ਨੂੰ ਆਜ਼ਾਦ ਕਰਵਾਉਣ ਵੇਲੇ ਕਿੰਨੇ ਹੀ ਸੁਪਨੇ ਸਿਰਜੇ ਹੋਣਗੇ ਪਰ ਅੱਜ ਵੀ ਮੁਲਕ ਗ਼ਰੀਬੀ ਬੇਰੁਜ਼ਗਾਰੀ ਨਾਲ ਘੁਲ ਰਿਹਾ ਹੈ।

ਲੁਧਿਆਣਾ ਵਿੱਚ ਇੱਕ ਵਿਅਕਤੀ ਨੇ ਖੁਦ ਤੇ ਮਿੱਟੀ ਦਾ ਤੇਲ ਪਾ ਕੇ ਜਾਨ ਗਵਾਉਣ ਦੀ ਕੋਸ਼ਿਸ਼ ਕੀਤੀ। ਇਸ ਵਿਅਕਤੀ ਦਾ ਦਾਦਾ ਆਜ਼ਾਦੀ ਘੁਲਾਟੀਆ ਸੀ। ਜਿਸ ਨੇ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਆਪਣਾ ਬਣਦਾ ਯੋਗਦਾਨ ਪਾਇਆ। ਉਨ੍ਹਾਂ ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ, ਗਿਆਨੀ ਜ਼ੈਲ ਸਿੰਘ ਵੱਲੋਂ ਅਤੇ ਪ੍ਰਤਾਪ ਸਿੰਘ ਕੈਰੋਂ ਵੱਲੋਂ ਤਾਮਰ ਪੱਤਰ ਮਿਲ ਚੁੱਕੇ ਹਨ।

ਜਾਨ ਦੇਣ ਦੀ ਕੋਸ਼ਿਸ਼ ਕਰਨ ਵਾਲੇ ਇਸ ਵਿਅਕਤੀ ਨੂੰ ਸ਼ਿਕਵਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ। ਉਹ 40 ਸਾਲ ਤੋਂ ਰੇਹੜਾ ਖਿੱਚ ਰਿਹਾ ਹੈ। ਅੱਗੋਂ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਸ ਦੇ ਪੁੱਤਰਾਂ ਨੂੰ ਰੇਹੜਾ ਖਿੱਚਣਾ ਪੈ ਰਿਹਾ ਹੈ। ਹਾਲਾਤਾਂ ਦੇ ਝੰਬੇ ਹੋਏ ਇਸ ਵਿਅਕਤੀ ਨੇ ਜ਼ਿੰਦਗੀ ਤੋਂ ਕਿਨਾਰਾ ਕਰਨ ਨੂੰ ਹੀ ਠੀਕ ਸਮਝਿਆ। ਉਸ ਦੇ ਦੱਸਣ ਮੁਤਾਬਕ ਡਾਕਟਰਾਂ ਦੁਆਰਾ ਮਨ੍ਹਾ ਕਰਨ ਦੇ ਬਾਵਜੂਦ ਵੀ ਉਸ ਦੇ ਪੁੱਤਰ ਨੂੰ ਕੰਮ ਕਰਨਾ ਪੈ ਰਿਹਾ ਹੈ।

ਉਸ ਨੇ ਸਰਕਾਰ ਪ੍ਰਤੀ ਨਾਰਾਜ਼ਗੀ ਦਰਸਾਈ ਹੈ। ਇਸ ਸਮੇਂ ਇਕੱਠੇ ਹੋਏ ਲੋਕਾਂ ਨੇ ਹਲਕਾ ਵਿਧਾਇਕ ਨਾਲ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਨਾਅਰੇਬਾਜ਼ੀ ਵੀ ਕੀਤੀ। ਇੱਥੇ ਦੱਸਣਾ ਬਣਦਾ ਹੈ ਕਿ ਕੁਝ ਸਮਾਂ ਪਹਿਲਾਂ ਸੂਬਾ ਸਰਕਾਰ ਵੱਲੋਂ ਕੁਝ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦਿੱਤੇ ਜਾਣ ਦੀ ਪੇਸ਼ਕਸ਼ ਕਰਨ ਤੇ ਮਾਮਲਾ ਗਰਮਾ ਗਿਆ ਸੀ।

Leave a Reply

Your email address will not be published. Required fields are marked *