ਤਿਓਹਾਰ ਵਾਲੇ ਦਿਨ ਛਾਅ ਗਿਆ ਮਾਤਮ, 2 ਬੱਚਿਆਂ ਦੀ ਪਾਣੀ ਚ ਡੁੱਬਣ ਨਾਲ ਮੋਤ

ਕਈ ਵਾਰ ਕਿਸੇ ਦੀ ਗਲਤੀ ਦਾ ਖਮਿਆਜ਼ਾ ਕਿਸੇ ਹੋਰ ਨੂੰ ਹੀ ਭੁਗਤਣਾ ਪੈ ਜਾਂਦਾ ਹੈ। ਅਬੋਹਰ ਦੇ ਪਿੰਡ ਪੰਜਾਵਾ ਵਿੱਚ ਉਸ ਸਮੇਂ ਹਲਚਲ ਮੱਚ ਗਈ, ਜਦੋਂ ਪਿੰਡ ਦੇ ਖੇਤਾਂ ਵਿੱਚ ਹੀ ਬਣੇ ਕੰਟੇਨਰ ਵਿੱਚ ਪਿੰਡ ਦੇ 2 ਬੱਚਿਆਂ ਦੀਆਂ ਮ੍ਰਿਤਕ ਦੇਹਾਂ ਤੈਰਦੀਆਂ ਹੋਈਆਂ ਮਿਲੀਆਂ। ਦੋਵੇਂ ਮਾਸੂਮ ਬੱਚੇ ਆਪਸ ਵਿੱਚ ਦੋਸਤ ਸਨ ਅਤੇ ਇਨ੍ਹਾਂ ਦੀ ਉਮਰ 13-14 ਸਾਲ ਦੇ ਲਗਪਗ ਸੀ। ਇਸ ਤੋਂ ਵੱਡੀ ਲਾਪਰਵਾਹੀ ਕੀ ਹੋ ਸਕਦੀ ਹੈ ਕਿ ਕੰਟੇਨਰ ਦੇ ਦੁਆਲੇ ਨਾ ਤਾਂ ਕੋਈ ਤਾਰ ਲਗਾਈ ਗਈ ਸੀ ਅਤੇ ਨਾ ਹੀ ਕੋਈ ਦੀਵਾਰ ਕੀਤੀ ਗਈ ਸੀ।

ਜਿਸ ਕਰਕੇ ਇਹ ਹਾਦਸਾ ਵਾਪਰ ਗਿਆ ਅਤੇ 2 ਘਰਾਂ ਦੇ ਚਿਰਾਗ ਬੁਝ ਗਏ। ਮਿਲੀ ਜਾਣਕਾਰੀ ਮੁਤਾਬਕ ਘਟਨਾ ਸ਼ਨੀਵਾਰ ਸ਼ਾਮ ਦੀ ਦੱਸੀ ਜਾਂਦੀ ਹੈ। ਜਦੋਂ 14 ਸਾਲਾ ਬੱਚਾ ਹਰਮਨਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਆਪਣੇ ਦੋਸਤ ਮੋਹਿਤ ਕੁਮਾਰ ਪੁੱਤਰ ਗੋਪੀ ਰਾਮ ਨਾਲ ਆਪਣੇ ਖੇਤ ਵਿੱਚ ਚਲਾ ਗਿਆ। ਇਥੋਂ ਉਹ ਗੁਆਂਢੀਆਂ ਦੇ ਖੇਤ ਵਿੱਚ ਬਣੇ ਕੰਟੇਨਰ ਨੂੰ ਦੇਖਣ ਚਲੇ ਗਏ। ਇਹ ਕੰਟੇਨਰ ਪਾਣੀ ਇਕੱਠਾ ਕਰਨ ਲਈ ਬਣਾਇਆ ਗਿਆ ਸੀ।

ਜਿਸ ਵਿੱਚ ਅੱਧਾ ਪਾਣੀ ਭਰਿਆ ਹੋਇਆ ਸੀ। ਇਸ ਕੰਟੇਨਰ ਦੇ ਦੁਆਲੇ ਖੇਤ ਮਾਲਕਾਂ ਨੇ ਨਾ ਹੀ ਕੋਈ ਕੰਧ ਕੀਤੀ ਸੀ ਅਤੇ ਨਾ ਹੀ ਕੋਈ ਤਾਰ ਲਗਾਈ ਗਈ ਸੀ। ਇਹ ਬੱਚੇ ਕੰਟੇਨਰ ਵਿੱਚ ਕਿਵੇਂ ਡਿੱਗੇ? ਇਹ ਮਾਮਲਾ ਇੱਕ ਬੁਝਾਰਤ ਬਣਿਆ ਹੋਇਆ ਹੈ। ਬੱਚਿਆਂ ਦੀਆਂ ਮ੍ਰਿਤਕ ਦੇਹਾਂ ਕੰਟੇਨਰ ਵਿੱਚ ਤੈਰਦੀਆਂ ਹੋਈਆਂ ਹੀ ਦੇਖੀਆਂ ਗਈਆਂ। ਜਿਸ ਤੋਂ ਬਾਅਦ ਪਿੰਡ ਦੇ ਮੋਹਤਬਰ ਵਿਅਕਤੀਆਂ ਵੱਲੋਂ ਸਬੰਧਤ ਥਾਣੇ ਦੀ ਪੁਲੀਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ।

ਪਿੰਡ ਵਾਸੀਆਂ ਵੱਲੋਂ ਇਕ ਤੋਂ ਵੱਧ ਵਾਰ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦੇ ਜਾਣ ਦੇ ਬਾਵਜੂਦ ਵੀ ਪੁਲੀਸ ਡੇਢ ਘੰਟੇ ਤੱਕ ਮੌਕੇ ਤੇ ਨਹੀਂ ਪੁੱਜੀ। ਪੁਲੀਸ ਦੇ ਇਸ ਰਵੱਈਏ ਕਾਰਨ ਪਿੰਡ ਵਾਸੀਆਂ ਨੂੰ ਪੁਲਿਸ ਨਾਲ ਸ਼ਿਕਵਾ ਹੈ। ਇਸ ਘਟਨਾ ਨੇ 2 ਪਰਿਵਾਰਾਂ ਵਿੱਚ ਹਨ੍ਹੇਰ ਪਾ ਦਿੱਤਾ। ਜਿਸ ਕਰਕੇ ਸਾਰੇ ਪਿੰਡ ਵਿੱਚ ਸੋਗ ਛਾਇਆ ਹੋਇਆ ਹੈ। ਪਿੰਡ ਵਾਸੀ ਇਨ੍ਹਾਂ ਦੋਵੇਂ ਪਰਿਵਾਰਾਂ ਨਾਲ ਹਮਦਰਦੀ ਜਤਾ ਰਹੇ ਹਨ।

Leave a Reply

Your email address will not be published. Required fields are marked *