14 ਸਾਲ ਪਹਿਲਾਂ ਲਾਪਤਾ ਹੋਇਆ ਮੁੰਡਾ ਅਚਾਨਕ ਪਹੁੰਚ ਗਿਆ ਘਰ, ਪਰਿਵਾਰ ਦੀ ਖੁਸ਼ੀ ਦਾ ਨਾ ਰਿਹਾ ਕੋਈ ਟਿਕਾਣਾ

ਮਾਂ ਬਾਪ ਲਈ ਆਪਣੇ ਬੱਚੇ ਹੀ ਸਭ ਕੁਝ ਹੁੰਦੇ ਹਨ। ਬੱਚੇ ਜ਼ਰਾ ਵੀ ਅੱਖੋਂ ਓਹਲੇ ਹੁੰਦੇ ਹਨ ਤਾਂ ਮਾਤਾ ਪਿਤਾ ਚੌਕਸ ਹੋ ਜਾਂਦੇ ਹਨ ਪਰ ਮੋਗੇ ਦਾ ਇੱਕ ਅਜਿਹਾ ਪਰਿਵਾਰ ਵੀ ਹੈ, ਜੋ ਲਗਾਤਾਰ 14 ਸਾਲ ਆਪਣੇ ਪੁੱਤਰ ਨੂੰ ਮਿਲਣ ਲਈ ਤਰਸਦਾ ਰਿਹਾ। ਇਸ ਦੌਰਾਨ ਪਿਤਾ ਵੀ ਜਹਾਨ ਤੋਂ ਤੁਰ ਗਿਆ ਅਤੇ ਇਸ ਲੜਕੇ ਦਾ ਇਕ ਭਰਾ ਵੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਿਆ। ਇਹ ਕਹਾਣੀ ਹੈ ਮੋਗਾ ਦੇ ਨੌਜਵਾਨ ਲਾਡੀ ਦੀ, ਜੋ 14 ਸਾਲ ਪਿੱਛੋਂ ਘਰ ਵਾਪਸ ਆਇਆ ਹੈ।

ਲਾਡੀ ਦੇ ਦੱਸਣ ਮੁਤਾਬਕ ਜਦੋਂ ਉਹ 9 ਸਾਲ ਦਾ ਸੀ ਤਾਂ ਮੋਗਾ ਵਿਖੇ ਇਕ ਚਾਹ ਦੀ ਦੁਕਾਨ ਉੱਤੇ ਕੰਮ ਕਰਦਾ ਸੀ। ਉਹ ਆਪਣੇ ਦੋਸਤਾਂ ਸਮੇਤ ਹਲਵਾਰਾ ਵਿਖੇ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਗਿਆ ਸੀ। ਉਸ ਨੇ ਆਪਣੇ ਦੋਸਤਾਂ ਨੂੰ ਵਾਪਸ ਘਰ ਜਾਣ ਲਈ ਕਿਹਾ ਤਾਂ ਉਹ ਕਹਿਣ ਲੱਗੇ ਕਿ ਰੁਕ ਕੇ ਜਾਵਾਂਗੇ। ਜਿਸ ਕਰਕੇ ਉਹ ਇਕੱਲਾ ਹੀ ਪੈਦਲ ਤੁਰ ਘਰ ਨੂੰ ਚੱਲ ਪਿਆ। ਲਾਡੀ ਦਾ ਕਹਿਣਾ ਹੈ ਕਿ ਉਸ ਨੂੰ ਰਸਤੇ ਵਿੱਚ ਇੱਕ ਟਰੱਕ ਵਾਲੇ ਨੇ ਬਿਠਾ ਕੇ ਰਾਜਸਥਾਨ ਦੇ ਕਿਸੇ ਹੋਟਲ ਵਿੱਚ ਛੱਡ ਦਿੱਤਾ।

ਜਿੱਥੇ ਉਹ ਲਗਾਤਾਰ 4 ਸਾਲ ਭਾਂਡੇ ਮਾਂਜਦਾ ਰਿਹਾ। ਹੋਟਲ ਵਾਲੇ ਉਸ ਦੀ ਕਦੇ ਕਦਾਈਂ ਖਿੱਚ ਧੂਹ ਵੀ ਕਰਦੇ ਸਨ ਅਤੇ ਉਸ ਤੇ ਨਿਗ੍ਹਾ ਰੱਖਦੇ ਸਨ। ਉਹ ਕਿੱਧਰੇ ਜਾ ਨਹੀਂ ਸੀ ਸਕਦਾ। ਢਾਬੇ ਤੋਂ ਇਕ ਟਰੱਕ ਡਰਾਈਵਰ ਉਸ ਨੂੰ ਆਪਣੀ ਭੈਣ ਦੇ ਘਰ ਉੱਤਰ ਪ੍ਰਦੇਸ਼ ਦੇ ਮੈਨਪੁਰੀ ਲੈ ਗਿਆ। ਜਿੱਥੇ ਉਸ ਤੋਂ ਮੱਝਾਂ ਦਾ ਕੰਮ ਕਰਵਾਇਆ ਜਾਂਦਾ ਸੀ ਅਤੇ ਘਰ ਵਿੱਚ ਝਾੜੂ ਪੋਚਾ ਲਗਵਾਇਆ ਜਾਂਦਾ ਸੀ। ਲਾਡੀ ਦਾ ਕਹਿਣਾ ਹੈ ਕਿ ਉਸ ਕੋਲ ਇੱਕ ਵਾਰ ਦੁੱਧ ਦੇ 2000 ਰੁਪਏ ਆ ਗਏ।

ਗੁਆਂਢ ਵਿੱਚ ਰਹਿੰਦੀ ਇੱਕ ਔਰਤ ਨੇ ਉਸ ਨੂੰ ਟਰੱਕ ਰਾਹੀਂ ਦਿੱਲੀ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ। ਦਿੱਲੀ ਤੋਂ ਟਰੇਨ ਰਾਹੀਂ ਉਹ ਮੋਗਾ ਆ ਗਿਆ। ਉਹ ਜਿਸ ਚਾਹ ਦੀ ਦੁਕਾਨ ਤੇ ਕੰਮ ਕਰਦਾ ਸੀ, ਸਭ ਤੋਂ ਪਹਿਲਾਂ ਉਸ ਦੁਕਾਨ ਤੇ ਪਹੁੰਚਿਆ। ਲਾਡੀ ਦੇ ਦੱਸਣ ਮੁਤਾਬਕ ਘਰ ਤੋਂ ਦੂਰ ਰਹਿੰਦੇ ਹੋਏ ਉਸ ਨੂੰ ਆਪਣੇ ਪਰਿਵਾਰ ਦੀ ਬਹੁਤ ਯਾਦ ਆਉਂਦੀ ਸੀ। ਉਸ ਨੂੰ ਆਪਣੇ ਪਿਤਾ ਅਤੇ ਛੋਟੇ ਭਰਾ ਦੇ ਤੁਰ ਜਾਣ ਦਾ ਬਹੁਤ ਅ-ਫ਼-ਸੋ-ਸ ਹੈ।

ਲਾਡੀ ਦੀ ਮਾਂ ਨੇ ਜਾਣਕਾਰੀ ਦਿੱਤੀ ਹੈ ਕਿ ਪਤੀ ਪਤਨੀ ਲੰਬਾ ਸਮਾਂ ਲਾਡੀ ਨੂੰ ਲੱਭਦੇ ਰਹੇ। ਲਾਡੀ ਦਾ ਪਿਤਾ ਟਰੱਕ ਚਲਾਉਂਦਾ ਸੀ। ਆਪਣੇ ਪੁੱਤਰ ਦੇ ਵਿਛੋੜੇ ਵਿੱਚ ਹੀ ਪਿਤਾ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਹੁਣ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਦਾ ਪੁੱਤਰ ਵਾਪਸ ਆ ਗਿਆ ਹੈ। 14 ਸਾਲ ਦਾ ਲੰਬਾ ਸਮਾਂ ਉਨ੍ਹਾਂ ਦੇ ਪਰਿਵਾਰ ਨੇ ਰੋ ਕੇ ਗੁਜ਼ਾਰਿਆ ਹੈ। ਅੱਜ ਉਹ ਬਹੁਤ ਖੁਸ਼ ਹਨ।

Leave a Reply

Your email address will not be published. Required fields are marked *